‘ਨਿਊਜ਼ ਕਲਿਕ’ ਵੈਬ ਚੈਨਲ ਨਾਲ ਜੁੜੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਕਤੂਬਰ
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਨੇ ਨਿਊਜ਼ ਵੈਬਸਾਈਟ ‘ਨਿਊਜ਼ ਕਲਿਕ’ ਨਾਲ ਜੁੜੇ ਕਈ ਪੱਤਰਕਾਰਾਂ ਦੇ ਘਰਾਂ ਮੰਗਲਵਾਰ ਸਵੇਰੇ ਮਾਰੇ ਛਾਪਿਆਂ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਤੇ ਲੋਕਰਾਜੀ ਕਦਰਾਂ ਕੀਮਤਾਂ ’ਤੇ ਹਮਲਾ ਕਰਾਰ ਦਿੱਤਾ ਹੈ।
ਖ਼ਬਰਾਂ ਮੁਤਾਬਕ ਨਿਊਜ਼ ਕਲਿਕ ਨਾਲ ਸਬੰਧਤ 30 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਗਏ ਹਨ। 2009 ਵਿੱਚ ਸ਼ੁਰੂ ਹੋਈ ‘ਨਿਊਜ਼ ਕਲਿਕ’ ਸਰਕਾਰ ਦੀ ਆਲੋਚਨਾ ਕਰਨ ਲਈ ਵੀ ਜਾਣੀ ਜਾਂਦੀ ਹੈ। ਇਸ ਤੋਂ ਖਫ਼ਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਸ ਨਿਊਜ਼ ਪੋਰਟਲ ’ਤੇ ਚੀਨ ਤੋਂ ਫੰਡ ਲੈਣ ਦਾ ਦੋਸ਼ ਲਾਇਆ ਸੀ ਤੇ ਈਡੀ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਨਿ੍ਹਾਂ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ ਹਨ, ਉਨ੍ਹਾਂ ਵਿੱਚ ਵੈੱਬਸਾਈਟ ਦੇ ਸੰਪਾਦਕ ਪ੍ਰਬੀਰ ਪੁਰਕਾਇਸਥ, ਪੱਤਰਕਾਰ ਅਭਿਸਾਰ ਸ਼ਰਮਾ, ਓਨਿੰਦੋ ਚੱਕਰਵਰਤੀ, ਭਾਸ਼ਾ ਸਿੰਘ, ਵਿਅੰਗਕਾਰ ਸੰਜੇ ਰਾਜੌਰਾ, ਇਤਿਹਾਸਕਾਰ ਸੋਹੇਲ ਹਾਸ਼ਮੀ ਸ਼ਾਮਲ ਹਨ। ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੀ. ਲਕਸ਼ਮੀ ਨਰਾਇਣ, ਕਾਰਜਕਾਰੀ ਪ੍ਰਧਾਨ ਬੀਐੱਨ ਰਾਏ, ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ , ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਕੌਮੀ ਪ੍ਰੀਜੀਡੀਅਮ ਦੇ ਮੈਂਬਰ ਡਾ. ਸਰਬਜੀਤ ਸਿੰਘ, ਡਾ. ਹਰਵਿੰਦਰ ਸਿਰਸਾ, ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਮਾਨਸਾ, ਡਾ. ਅਨੂਪ ਸਿੰਘ, ਡਾ. ਸੁਰਜੀਤ ਭੱਟੀ, ਡਾ. ਕਿਰਪਾਲ ਕਜ਼ਾਕ, ਡਾ. ਸੁਰਜੀਤ ਬਰਾੜ, ਡਾ. ਗੁਲਜ਼ਾਰ ਪੰਧੇਰ, ਜਸਪਾਲ ਮਾਨਖੇੜਾ, ਡਾ. ਅਰਵਿੰਦਰ ਕਾਕੜਾ, ਤਰਸੇਮ, ਰਮੇਸ਼ ਯਾਦਵ, ਦਰਸ਼ਨ ਜੋਗਾ, ਸੁਖਵਿੰਦਰ ਪੱਪੀ, ਡਾ. ਸੰਤੋਖ ਸੁੱਖੀ, ਸਤਪਾਲ ਭੀਖੀ, ਨਵਤੇਜ ਗੜ੍ਹਦੀਵਾਲਾ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਪ੍ਰੈੱਸ ਦੀ ਆਜ਼ਾਦੀ ਤੇ ਲੋਕਰਾਜੀ ਕਦਰਾਂ ਕੀਮਤਾਂ ’ਤੇ ਹਮਲਾ ਹੈ।
ਪੱਤਰਕਾਰਾਂ ਦੇ ਟਿਕਾਣਿਆਂ ’ਤੇ ਛਾਪੇ ਦੀ ਲਬਿਰੇਸ਼ਨ ਵੱਲੋਂ ਨਿਖੇਧੀ
ਮਾਨਸਾ (ਪੱਤਰ ਪ੍ਰੇਰਕ): ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਕੇਂਦਰੀ ਏਜੰਸੀ ਵੱਲੋਂ ਵੈਬ ਪੋਰਟਲ ‘ਨਿਊਜ਼ ਕਲਿੱਕ’ ਦੇ ਪੱਤਰਕਾਰਾਂ ਦੇ ਘਰਾਂ ’ਤੇ ਮਾਰੇ ਛਾਪੇ ਅਤੇ ਕਰੀਬ 10 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਤੋਂ ਜ਼ਾਹਿਰ ਹੈ ਕਿ ਬਹਾਨਾ ਕੋਈ ਵੀ ਹੋਵੇ, ਪਰ ਨਿਊਜ਼ ਕਲਿੱਕ ਅਤੇ ਇਹ ਲੋਕ ਆਪਣੀ ਨਿਡਰ ਸੋਚ ਤੇ ਨਿਰਪੱਖ ਕਵਰੇਜ ਕਾਰਨ ਲੰਬੇ ਅਰਸੇ ਤੋਂ ਮੋਦੀ ਸਰਕਾਰ ਦੀਆਂ ਅੱਖਾਂ ਵਿਚ ਰੜਕ ਰਹੇ ਸਨ। ਦਿੱਲੀ ਪੁਲੀਸ ਨੇ ਪੱਤਰਕਾਰਾਂ ਦੇ ਫੋਨ ਤੇ ਲੈਪਟਾਪ ਜ਼ਬਤ ਕਰ ਲਏ ਹਨ, ਜਿਸ ਤੋ ਖਦਸ਼ਾ ਹੈ ਕਿ ਭੀਮਾ ਕੋਰੇਗਾਂਵ ਮਾਮਲੇ ਵਾਂਗ ਪੁਲੀਸ ਇਨ੍ਹਾਂ ਨੂੰ ਫਸਾਉਣ ਲਈ ਲੈਪਟਾਪਾਂ ਨਾਲ ਛੇੜਛਾੜ ਵੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਨ ਲਈ ਅਜਿਹੇ ਹੱਥਕੰਡਿਆਂ ’ਤੇ ਉੱਤਰ ਆਈ ਹੈ, ਪਰ ਇਸ ਦੇ ਬਾਵਜੂਦ ਉਹ ਦੇਸ਼ ਵਿਚ ਆਪਣੇ ਖ਼ਿਲਾਫ਼ ਬਣ ਰਹੇ ਮਾਹੌਲ ਨੂੰ ਠੱਲ੍ਹ ਨਹੀਂ ਸਕੇਗੀ।