‘ਆਪ’ ਵੱਲੋਂ ਅਮਾਨਤਉੱਲ੍ਹਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਸਤੰਬਰ
ਆਮ ਆਦਮੀ ਪਾਰਟੀ (ਆਪ) ਨੇ ਅੱਜ ਭਾਜਪਾ ਦੇ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕਰਕੇ ‘ਆਪ’ ਦੇ ਓਖਲਾ ਤੋਂ ਵਿਧਾਇਕ ਅਮਾਨਤਉੱਲ੍ਹਾ ਖ਼ਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਅਤੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਉੱਪਰ ਦਬਾਅ ਪਾਉਣ ਅਤੇ ਉਨ੍ਹਾਂ ਦਾ ਅਕਸ ਵਿਗਾੜਨ ਲਈ ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਸੇ ਕਰਕੇ ਉਨ੍ਹਾਂ ਅਮਾਨਤਉਲ੍ਹਾ ਖ਼ਾਂ ਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪ੍ਰਦਰਸ਼ਨਕਾਰੀ ‘ਆਪ’ ਦੇ ਪੁਰਾਣੇ ਹੈਡਕੁਆਰਟਰ ਕੋਲ ਇਕੱਠੇ ਹੋਏ ਤੇ ਉਥੋਂ ਤੋਂ ਭਾਜਪਾ ਦੇ ਹੈਡਕੁਆਰਟਰ ਡੀਡੀਯੂ ਮਾਰਗ, ਨਵੀਂ ਦਿੱਲੀ ਵੱਲ ਵਧੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਅਤੇ ਅੱਗੇ ਨਹੀਂ ਵਧਣ ਦਿੱਤਾ। ਇਸ ਦੌਰਾਨ ‘ਆਪ’ ਵਰਕਰਾਂ ਨੇ ਪੁਲੀਸ ਦੀਆਂ ਰੋਕਾਂ ਵੀ ਤੋੜਨ ਦੀ ਕੋਸ਼ਿਸ਼ ਕੀਤੀ।
ਪ੍ਰਦਰਸ਼ਨ ਵਿੱਚ ਓਖਲਾ ਦੇ ਵਿਧਾਇਕ ਦੀ ਪਤਨੀ ਮਰੀਅਮ ਵੀ ਸ਼ਾਮਲ ਹੋਈ। ਮਰੀਅਮ ਨੇ ਆਪਣੇ ਪਤੀ ਦੇ ਹੱਕ ਵਿੱਚ ਡੱਟਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਪੁਰਾਣੀ ਨੀਤੀ ਤਹਿਤ ਇਹ ਸਭ ਕੀਤਾ ਗਿਆ ਹੈ। ‘ਆਪ’ ਦੇ ਵਿਧਾਇਕ ਦਲੀਪ ਪਾਂਡੇ, ਕੁਲਦੀਪ ਕੁਮਾਰ, ਮੁੱਖ ਬੁਲਾਰੇ ਪ੍ਰਿਯੰਕਾ ਕੱਕੜ, ਵਿਧਾਇਕ ਰਾਜੇਸ਼ ਗੁਪਤਾ, ਰਿਤੂਰਾਜ ਝਾਅ, ਅਜੇਸ਼ ਯਾਦਵ, ਹਾਜੀ ਯੂਨਸ, ਮੁਕੇਸ਼ ਅਹਿਲਾਵਤ, ਅਜੈ ਦੱਤ, ਸੁਰਿੰਦਰ ਪਹਿਲਵਾਨ ਸਮੇਤ ਵਰਕਰ ਹਾਜ਼ਰ ਸਨ।
‘ਆਪ’ ਹਾਕਮਾਂ ਅੱਗੇ ਕਦੇ ਨਹੀਂ ਝੁਕੇਗੀ: ਸਿਸੋਦੀਆ
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਸੱਤਾ ’ਚ ਬਣੇ ਰਹਿਣ ਲਈ ਭਾਜਪਾ ਹਰ ਰਣਨੀਤੀ ਅਪਣਾਉਂਦੀ ਹੈ। ਪਹਿਲਾਂ ਇਹ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਅਤੇ ਜਦੋਂ ਪਾਰਟੀ ਦੇ ਲੋਕ ਨਹੀਂ ਟੁੱਟਦੇ ਤਾਂ ਇਹ ਸਰਕਾਰੀ ਏਜੰਸੀ ਨੂੰ ਆਗੂਆਂ ਪਿੱਛੇ ਲਗਾ ਦਿੰਦੇ ਹਨ। ਉਨ੍ਹਾਂ ਕਿਹਾ, ‘‘ਇਸੇ ਕਰਕੇ ਦੇਸ਼ ਦੇ ਕਈ ਸੂਬਿਆਂ ਵਿੱਚ ਪਾਰਟੀਆਂ ਨੂੰ ਤੋੜ ਕੇ ਸਰਕਾਰਾਂ ਬਣਾਈਆਂ ਗਈਆਂ ਹਨ। ਇਸ ਲੜੀ ਵਿਚ ਮੇਰੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਕਈ ਨੇਤਾਵਾਂ ਤੋਂ ਬਾਅਦ ਹੁਣ ਵਿਧਾਇਕ ਅਮਾਨਤਉਲ੍ਹਾ ਖ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ‘ਤਾਨਾਸ਼ਾਹੀ’ ਹਾਕਮਾਂ ਅੱਗੇ ਨਾ ਕਦੇ ਝੁਕੀ ਹੈ ਅਤੇ ਨਾ ਹੀ ਕਦੇ ਝੁਕੇਗੀ। ਅਸੀਂ ਭਾਰਤ ਅਤੇ ਸੰਵਿਧਾਨ ਦੀ ਹੋਂਦ ਨੂੰ ਬਚਾਉਣ ਲਈ ਆਪਣੇ ਆਖ਼ਰੀ ਸਾਹ ਤੱਕ ਲੜਦੇ ਰਹਾਂਗੇ।’’