ਪ੍ਰਸ਼ਾਸਨ ਦੀ ਵਾਆਦਾਖ਼ਿਲਾਫ਼ੀ ਵਿਰੁੱਧ ਮੁਜ਼ਾਹਰਾ
ਰਮੇਸ਼ ਭਾਰਦਵਾਜ
ਲਹਿਰਾਗਾਗਾ,18 ਸਤੰਬਰ
ਇੱਥੇ ਅੱਜ ਐੱਸਡੀਐੱਮ ਦਫ਼ਤਰ ਵਿੱਚ ਅਨਾਜ ਮੰਡੀ ਅੰਦਰ ਮਜ਼ਦੂਰ ਮੁਕਤੀ ਮੋਰਚਾ ਦੇ ਵਰਕਰਾਂ ਨੇ ਰੋਸ ਮੁਜ਼ਾਹਰਾ ਕਰਦੇ ਹੋਏ ਐੱਸਡੀਐਮ ਦਫਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ। ਐੱਸਡੀਐਮ ਦੀ ਗੈਰਮੌਜੂਦਗੀ ਵਿੱਚ ਵਿਧਾਇਕ ਬਰਿੰਦਰ ਗੋਇਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਧਰਨਾ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਲਹਿਰਾਗਾਗਾ ਤਹਿਸੀਲ ਦੇ ਪ੍ਰਧਾਨ ਬਿੱਟੂ ਸਿੰਘ ਖੋਖਰ, ਅਦਾਰਾ ਤਰਕਸ਼ ਦੇ ਆਗੂ ਸੇਬੀ ਖੰਡੇਬਾਦ, ਬੱਬੀ ਲਹਿਰਾ, ਸਫਾਈ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ ਨੇ ਕਿਹਾ ਮੁੱਖ ਮੰਤਰੀ ਇਸ਼ਤਿਹਾਰਬਾਜ਼ੀ ਕਰਕੇ ਵੱਡੇਵੱਡੇ ਦਿਖਾਵੇ ਕਰ ਰਿਹਾ ਹੈ ਜਦੋਂ ਕਿ ਜ਼ਮੀਨੀ ਪੱਧਰ ਕੁਝ ਵੀ ਨਜ਼ਰ ਨਹੀਂ ਆ ਰਿਹਾ। ਸ੍ਰੀ ਛਾਜਲੀ ਨੇ ਕਿਹਾ ਕਿ ਲਹਿਰਾਗਾਗਾ ਵਿੱਚ ਪਿਛਲੇ ਡੇਢ ਮਹੀਨੇ ਪਹਿਲਾਂ ਸੀਵਰੇਜ ਮੈਨਹੋਲ ਦੇ ਅੰਦਰ ਵੜਨ ਕਰਕੇ ਨੌਜਵਾਨ ਸੁਖਵਿੰਦਰ ਸਿੰਘ ਹੈਪੀ ਦੀ ਮੌਤ ਹੋ ਗਈ ਸੀ। ਜਿਸ ਲਈ ਪ੍ਰਸ਼ਾਸਨ ਨਾਲ ਸਮਝੌਤਾ ਹੋਇਆ ਕਿ 18 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪਰ ਹੁਣ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਨਕਰ ਹੋ ਗਿਆ। ਇਸ ਮੌਕੇ ਧਰਮਪਾਲ ਸਿੰਘ ਸੁਨਾਮ, ਸੰਘਾ ਸਿੰਘ ਛਾਜਲੀ, ਗੋਰਖਾ ਸਿੰਘ ਛਾਜਲੀ, ਕੁਲਵੰਤ ਛਾਜਲੀ, ਕਾਲਾ ਸਿੰਘ ਮੌਜੂਦ ਸਨ।