ਝੋਨੇ ਦੀ ਖਰੀਦ ਬੰਦ ਕਰਵਾਉਣ ਖ਼ਿਲਾਫ਼ ਧਰਨਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਅਕਤੂਬਰ
ਅੱਜ ਇੱਥੇ ਭਵਾਨੀਗੜ੍ਹ ਕਿਸਾਨ ਕੋਆਪ੍ਰੇਟਿਵ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਅਤੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਨੇ ਕਿਹਾ ਕਿ ਇਹ ਸੁਸਾਇਟੀ ਪਿੰਡਾਂ ਦੇ ਕਿਸਾਨਾਂ ਅਤੇ ਸੁਸਾਇਟੀਆਂ ਦੇ ਨੁਮਾਇੰਦਿਆਂ ਰਾਹੀਂ ਕਿਸਾਨਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਬਣਾਈ ਗਈ ਹੈ ਅਤੇ ਇਥੇ ਫਸਲ ਵੇਚਣ ਵਾਲੇ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਦਾ ਅਨਾਜ ਮੰਡੀ ਦੇ ਆੜ੍ਹਤੀਆਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਇਸ ਸੁਸਾਇਟੀ ਵਿੱਚ ਝੋਨੇ ਦੀ ਖ਼ਰੀਦ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ, ਜੋ ਕਿ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇੱਥੇ ਦਿਨ ਰਾਤ ਦਾ ਪਹਿਰਾ ਲਗਾ ਕੇ ਝੋਨੇ ਦੀ ਖ਼ਰੀਦ ਨੂੰ ਚਾਲੂ ਰੱਖਣਾ ਯਕੀਨੀ ਬਣਾਉਣਗੇ। ਇਸ ਮੌਕੇ ਜਗਤਾਰ ਸਿੰਘ ਤੂਰ, ਕੁਲਵਿੰਦਰ ਸਿੰਘ ਮਿੱਠੂ, ਸੁਖਵੀਰ ਸਿੰਘ ਭੱਟੀਵਾਲ, ਲਾਭ ਸਿੰਘ ਭੜੋ ਹਾਜ਼ਰ ਸਨ।
ਕਿਸਾਨ ਜਥੇਬੰਦੀ ਦੀ ਮੀਟਿੰਗ
ਲਹਿਰਾਗਾਗਾ(ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਲਹਿਰਾ ਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਲਹਿਲ ਕਲਾਂ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਲੇਹਲ ਕਲਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਲਹਿਲ ਕਲਾਂ , ਭੂਰਾ ਸਿੰਘ ਸਲੇਮਗੜ੍ਹ ਤੇ ਹੋਰਨਾਂ ਆਗੂਆਂ ਨੂੰ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਝੋਨੇ ਦੀ ਪਰਾਲੀ ਦਾ ਕੋਈ ਠੋਸ ਹੱਲ ਕੱਢਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਉਲਟਾ ਕਿਸਾਨਾਂ ਸਿਰ ਪ੍ਰਦੂਸ਼ਣ ਫ਼ੈਲਾਉਣ ਦਾ ਦੋਸ਼ ਮੜ੍ਹ ਕੇ ਆਮ ਜਨਤਾ ਵਿੱਚ ਦੁਨੀਆਂ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਬਦਨਾਮ ਕਰ ਰਹੀ ਹੈ।