ਬਿਜਲੀ ਬਿੱਲਾਂ ’ਚ ਪੁਰਾਣੀ ਰਕਮ ਭੇਜਣ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਨਵੰਬਰ
ਪਾਵਰਕੌਮ ਵਲੋਂ ਬਿਜਲੀ ਬਿੱਲਾਂ ’ਚ ਪੁਰਾਣੀ ਰਕਮ ਭੇਜਣ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਬੇਟ ਇਲਾਕੇ ਦੇ ਪਿੰਡ ਭੁਮਾਲ ’ਚ ਅੱਜ ਮਜ਼ਦੂਰ ਮਰਦ ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੱਦੇ ’ਤੇ ਇਲਾਕੇ ਦੇ ਮਜ਼ਦੂਰ ਇਕੱਤਰ ਹੋਏ ਅਤੇ ਪਾਵਰਕੌਮ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਲਾਕਾ ਪ੍ਰਧਾਨ ਭੁਪਿੰਦਰ ਸਿੰਘ ਸਲੇਮਪੁਰ ਦੀ ਅਗਵਾਈ ’ਚ ਇਕੱਤਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਜਸਵਿੰਦਰ ਸਿੰਘ ਭੁਮਾਲ ਨੇ ਦੱਸਿਆ ਕਿ ਪਿਛਲੇ ਸਮੇਂ ਦਲਿਤ ਅਤੇ ਪੱਛੜੇ ਵਰਗ ਤੋਂ ਛੇ ਸੌ ਯੂਨਿਟ ਦੀ ਮੁਆਫ਼ੀ ਖੋਹ ਲਈ ਗਈ ਸੀ ਜੋ ਕਿ ਸੰਘਰਸ਼ ਕਰ ਕੇ ਬਹਾਲ ਕਰਾਈ ਗਈ। ਪਰ ਅਜੇ ਤਕ ਉਹ ਮੁਆਫ਼ੀ ਬਿੱਲਾਂ ’ਚ ਸੋਧੀ ਨਹੀਂ ਗਈ। ਉਨ੍ਹਾਂ ਕਿਹਾ ਕਿ ਇਸ ਵਾਰ ਫਿਰ ਬਿੱਲ ਵੱਧ ਆਉਣ ਕਾਰਨ ਮਜ਼ਦੂਰਾਂ ’ਚ ਰੋਹ ਵਧ ਰਿਹਾ ਹੈ। ਬਿਜਲੀ ਦਫ਼ਤਰ ’ਚ ਬੈਠੇ ਕਲਰਕ ਕਹਿੰਦੇ ਹਨ ਕਿ ਇਹ ਬਿੱਲ ਭਰਵਾਉਣੇ ਹੀ ਪੈਣਗੇ। ਅਧਿਕਾਰੀਆਂ ਨੂੰ ਪੁੱਛਣ ’ਤੇ ਕਿਹਾ ਜਾਂਦਾ ਹੈ ਕਿ ਇਹ ਪਟਿਆਲਾ ਤੋਂ ਠੀਕ ਹੋ ਕੇ ਆਉਣਗੇ। ਕਰਮ ਸਿੰਘ ਨੇ ਪਾਵਰਕੌਮ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।