ਨਾਜਾਇਜ਼ ਮਾਈਨਿੰਗ ਕਰਾਉਣ ਵਾਲੇ ਸਰਪੰਚਾਂ ਖ਼ਿਲਾਫ਼ ਧਰਨਾ
ਪੱਤਰ ਪ੍ਰੇਰਕ
ਮੁਕੇਰੀਆਂ, 25 ਸਤੰਬਰ
ਪਿੰਡ ਨੰਗਲ ਅਵਾਣਾ ਅਤੇ ਕਾਲੂ ਚਾਂਗ ਦੇ ਸਰਪੰਚਾਂ ਵੱਲੋਂ ਨਾਜਾਇਜ਼ ਮਾਈਨਿੰਗ ਕਰ ਕੇ ਪੰਚਾਇਤੀ ਜ਼ਮੀਨ ਮਿੱਟੀ ਪੁਟਾਉਣ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ 31 ਅਗਸਤ ਤੋਂ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਯਸ਼ਪਾਲ ਸਿੰਘ ਅਤੇ ਜੋਗਰਾਜ ਨੇ ਕੀਤੀ, ਜਦੋਂ ਕਿ ਕਿਸਾਨ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਆਸ਼ਾ ਨੰਦ ਅਤੇ ਦਲਿਤ ਮੁਕਤੀ ਮੰਚ ਦੇ ਸੂਬਾ ਪ੍ਰਧਾਨ ਹਰਬੰਸ ਸਿੰਘ ਧੂਤ ਅਤੇ ਪੰਚਾਇਤ ਵਿਭਾਗ ਪੈਨਸ਼ਨਰ ਯੂਨੀਅਨ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਪੁਟਾਈ ਕਰਾਉਣ ਵਾਲੇ ਸਰਪੰਚਾਂ ਖ਼ਿਲਾਫ਼ ਕਾਰਵਾਈ ਨਾ ਕਰਨਾ ਸਪੱਸ਼ਟ ਕਰਦਾ ਹੈ ਕਿ ਪੰਚਾਇਤੀ ਅਧਿਕਾਰੀ ਵੀ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਲੂ ਚਾਂਗ ਅਤੇ ਨੰਗਲ ਅਵਾਣਾ ਦੇ ਭ੍ਰਿਸ਼ਟ ਸਰਪੰਚਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਰੇਸ਼ ਚਨੌਰ, ਯਸ਼ਪਾਲ ਚਨੌਰ, ਧਿਆਨ ਸਿੰਘ ਛੰਨੀ, ਜਸਵੰਤ ਸਿੰਘ ਛੰਨੀ, ਤਰਸੇਮ ਸਿੰਘ ਭੰਗਾਲਾ, ਸੋਮਰਾਜ, ਜੋਗਿੰਦਰ ਪਾਲ, ਵਿਜੇ ਸਿੰਘ ਪੋਤਾ, ਸਰਵਜੀਤ ਸਿੰਘ, ਰਾਜਿੰਦਰ ਸਿੰਘ ਪੰਚਾਇਤ ਅਫ਼ਸਰ ਰਿਟਾਇਰ, ਪ੍ਰੀਕਸ਼ਿਤ ਸਿੰਘ, ਜਸਵੰਤ ਸਿੰਘ ਨੰਗਲ, ਕੁਲਵਿੰਦਰ ਸਿੰਘ ਨਨਸੋਤਾ, ਜਗਦੀਸ਼ ਚੰਦ, ਸੂਰਮ ਸਿੰਘ ਪੰਚਾਇਤ ਅਫ਼ਸਰ ਰਿਟਾਇਰਡ ਵੀ ਹਾਜ਼ਰ ਸਨ।