For the best experience, open
https://m.punjabitribuneonline.com
on your mobile browser.
Advertisement

ਰਿੰਕੂ ਤੇ ਅੰਗੁਰਾਲ ਖ਼ਿਲਾਫ਼ ਪ੍ਰਦਰਸ਼ਨ: ‘ਆਪ’ ਆਗੂਆਂ ’ਤੇ ਕੇਸ ਦਰਜ

08:20 AM Mar 29, 2024 IST
ਰਿੰਕੂ ਤੇ ਅੰਗੁਰਾਲ ਖ਼ਿਲਾਫ਼ ਪ੍ਰਦਰਸ਼ਨ  ‘ਆਪ’ ਆਗੂਆਂ ’ਤੇ ਕੇਸ ਦਰਜ
ਜਲੰਧਰ ਵਿੱਚ ਵਿਰੋਧ ਕਰਦੇ ਹੋਏ ‘ਆਪ’ ਆਗੂ ਤੇ ਵਰਕਰ। -ਫੋਟੋ: ਮਲਕੀਅਤ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਮਾਰਚ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਕੱਲ੍ਹ ਭਾਜਪਾ ਵਿੱਚ ਸ਼ਾਮਲ ਹੋਣ ਦੇ ਵਿਰੋਧ ਵਿੱਚ ‘ਆਪ’ ਦੀ ਲੀਡਰਸ਼ਿਪ ਨੇ ਇਨ੍ਹਾਂ ਆਗੂਆਂ ਦੇ ਘਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਸੀ। ‘ਆਪ’ ਆਗੂਆਂ ਨੇ ਪਾਰਟੀ ਛੱਡਣ ਵਾਲੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਗ਼ਦਾਰ ਕਹਿ ਕੇ ਭੰਡਿਆ ਸੀ। ਪੁਲੀਸ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਅਣਪਛਾਤੇ ਦੱਸ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੂੰ ਵੀ ਅਣਪਛਾਤਾ ਦੱਸਿਆ ਹੈ। ਇਸ ਪ੍ਰਦਰਸ਼ਨ ਦੌਰਾਨ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਕੁਝ ਵਰਕਰਾਂ ਨੇ ਸ਼ੀਤਲ ਅੰਗੁਰਾਲ ਦੀਆਂ ਤਸਵੀਰਾਂ ਵਾਲੇ ਬੋਰਡ ਵੀ ਪਾੜ ਦਿੱਤੇ। ਇਸ ਤੋਂ ਬਾਅਦ ਪੁਲੀਸ ਨੇ ਵੀਡੀਓਗ੍ਰਾਫੀ ਕਰਵਾ ਕੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਖਰੂਦ ਪਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਭਾਜਪਾ ਲੀਡਰਸ਼ਿਪ ਨੇ ਵਿਰੋਧ ਕਰਨ ਵਾਲੇ ‘ਆਪ’ ਆਗੂਆਂ ਬਾਰੇ ਚੋਣ ਕਮਿਸ਼ਨ ਕੋਲ ਪਹਿਲਾਂ ਹੀ ਸ਼ਿਕਾਇਤ ਕੀਤੀ ਹੋਈ ਸੀ ਜਿਸ ਕਾਰਨ ਚੋਣ ਅਧਿਕਾਰੀਆਂ ਨੇ ਮੌਕੇ ’ਤੇ ਹੀ ਵੀਡੀਓਗ੍ਰਾਫੀ ਕਰਵਾਈ। ਪੁਲੀਸ ਨੇ ਧਾਰਾ 283, 427 ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਸ਼ੀਤਲ ਅੰਗੁਰਾਲ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ

ਚੰਡੀਗੜ੍ਹ: ਪੰਜਾਬ ਦੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ‘ਆਪ’ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅੱਜ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ‘ਆਪ’ ਦੀ ਭ੍ਰਿਸ਼ਟ ਸਰਕਾਰ ਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ। ਅੰਗੁਰਾਲ ਨੇ ਕਿਹਾ ਕਿ ਉਸ ਨੇ ਡਾ. ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਅਨੁਸਾਰ ਵਿਧਾਨ ਸਭਾ ਵਿੱਚ ਬਤੌਰ ਵਿਧਾਇਕ ਦੀ ਸਹੁੰ ਚੁੱਕੀ ਸੀ। ਉਹ ਜਦੋਂ ਲੋਕਾਂ ਕੋਲ ਵੋਟ ਮੰਗਣ ਆਇਆ ਸੀ ਤਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਮਾਨਦਾਰ ਸਰਕਾਰ ਦਾ ਹਿੱਸਾ ਬਣ ਕੇ ਇਲਾਕੇ ਦਾ ਵਿਕਾਸ ਕਰੇਗਾ ਪਰ ‘ਆਪ’ ਸਰਕਾਰ ਇਮਾਨਦਾਰ ਨਾ ਨਿਕਲੀ ਅਤੇ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕਿਆ। ਇਸ ਲਈ ਉਹ ਭ੍ਰਿਸ਼ਟ ਸਰਕਾਰ ਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ। -ਟਨਸ

Advertisement
Author Image

sukhwinder singh

View all posts

Advertisement
Advertisement
×