ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਪ੍ਰਦਰਸ਼ਨ
ਕੁਲਦੀਪ ਸਿੰਘ
ਚੰਡੀਗੜ੍ਹ 10 ਜਨਵਰੀ
ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖ਼ਿਲਾਫ਼ ਅੱਜ 33ਵੇਂ ਦਿਨ ਸ਼ਹਿਰ ਵਾਸੀਆਂ ਨੇ ਸੈਕਟਰ 32 ਵਿੱਚ ਰੋਸ ਪ੍ਰਦਰਸ਼ਨ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦੇ ਵਸਨੀਕਾਂ ਤੋਂ ਇਲਾਵਾ ਇਸ ਵਿੱਚ ਸਥਾਨਕ ਵਾਸੀਆਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਏਰੀਆ ਕੌਂਸਲਰ ਅੰਜੂ ਕਟਿਆਲ, ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਮਹਾਜਨ ਅਤੇ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਕੀਤੀ। ਕੌਂਸਲਰ ਅੰਜੂ ਕਟਿਆਲ ਨੇ ਕਿਹਾ ਕਿ ਇਹ ਕਿਸੇ ਵੀ ਚੰਡੀਗੜ੍ਹ ਦੇ ਵਸਨੀਕ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਮੰਗ ਨਹੀਂ ਕਿ ਇੱਥੇ ਬਿਜਲੀ ਦਾ ਨਿੱਜੀਕਰਨ ਹੋਵੇ ਅਤੇ ਨਾ ਹੀ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਦੀ ਰਾਇ ਲੋਕਾਂ ਤੋਂ ਲੈਣੀ ਜਰੂਰੀ ਸਮਝੀ। ਸੈਕਟਰ 32 ਦੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਮਹਾਜਨ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਮੰਗ ’ਤੇ ਬਿਜਲੀ ਦਾ ਨਿੱਜੀਕਰਨ ਰੱਦ ਕਰਨ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਹੁਣ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹੀ ਖੇਡ ਰਿਹਾ ਹੈ। ਸਰਕਾਰੀ ਅਹੁਦਿਆਂ ਦਾ ਆਨੰਦ ਮਾਣ ਰਹੇ ਅਧਿਕਾਰੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਜਨਤਾ ਦੇ ਸੇਵਕ ਹਨ, ਇਸ ਲਈ ਉਨ੍ਹਾਂ ਨੂੰ ਲੋਕ ਹਿੱਤ ਵਿੱਚ ਹੀ ਫ਼ੈਸਲੇ ਕਰਨੇ ਚਾਹੀਦੇ ਹਨ। ਇਸ ਲਈ ਚੰਡੀਗੜ੍ਹ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਦੇਖਦਿਆਂ ਪ੍ਰਸ਼ਾਸਨ ਜਲਦੀ ਤੋਂ ਜਲਦੀ ਨਿੱਜੀਕਰਨ ਦਾ ਫ਼ੈਸਲਾ ਰੱਦ ਕਰੇ। ਅੱਜ ਦੇ ਇਸ ਰੋਸ ਮਾਰਚ ਵਿੱਚ ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਤੋਂ ਇਲਾਵਾ ਮਾਰਕੀਟ ਐਸੋਸੀਏਸ਼ਨ ਦੇ ਸੈਕਟਰੀ ਰਵਿੰਦਰ ਨਾਥ, ਵੀਕੇ ਜੋਤੀ, ਸੁਸ਼ੀਲ ਕੁਮਾਰ, ਕੇਐੱਸ ਸੋਢੀ ਅਤੇ ਭੁਪਿੰਦਰ ਕੌਰ ਨੇ ਸ਼ਮੂਲੀਅਤ ਕੀਤੀ।