ਮੰਗਾਂ ਨੂੰ ਅਣਗੌਲਿਆਂ ਕਰਨ ਖ਼ਿਲਾਫ਼ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਬਠਿੰਡਾ, 30 ਨਵੰਬਰ
ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕਚੁਅਲ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਥਰਮਲ ਕਲੋਨੀ ਵਿੱਚ ਪੈਸਕੋ ਕਾਮਿਆਂ ਵੱਲੋਂ ਟੂਲ ਡਾਊਨ ਹੜਤਾਲ ਕੀਤੀ ਗਈ। ਇਸ ਮੌਕੇ ਠੇਕਾ ਕਾਮਿਆਂ ਵੱਲੋਂ ਪਾਵਰਕੌਮ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਉਨ੍ਹਾਂ ਦੇ ਸੰਘਰਸ਼ ਨੂੰ ਜਾਣਬੁਝ ਕੇ ਅਣਦੇਖਿਆ ਕੀਤਾ ਜਾ ਰਿਹਾ ਹੈ ਅਤੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਮੈਨੇਜਮੈਂਟ ਡੰਗ ਟਪਾਈ ਕਰ ਰਹੀ ਹੈ। ਆਗੂ ਗੋਰਾ ਸਿੰਘ ਭੁੱਚੋ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਨੂੰ ਮਜਬੂਰਨ ਅੱਜ ਥਰਮਲ ਕਲੋਨੀ ਦਾ ਗੇਟ ਬੰਦ ਕਰਨਾ ਪਿਆ ਹੈ। ਰਤਨ ਲਾਲ ਨੇ ਕਿਹਾ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਭਗਵੰਤ ਮਾਨ ਦੀ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਨ ਤੋਂ ਇਨਕਾਰੀ ਹੈ। ਉਨਾਂ ਕਿਹਾ ਕਿ ਥਰਮਲ ਕਲੋਨੀ ਦੇ ਅਧਿਕਾਰੀਆਂ ਵੱਲੋ ਕਿਰਤ ਕਾਨੂੰਨਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਨਾ ਹੀ ਵਧੇ ਹੋਏ ਡੀਸੀ ਰੇਟ ’ਤੇ ਪਿਛਲਾ ਏਰੀਅਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲਹਿਰਾ ਥਰਮਲ ਪਲਾਂਟ ਦੇ ਆਊਟਸੋਰਸਡ ਮੁਲਾਜ਼ਮਾਂ ਦਾ ਪਿਛਲੇ ਸਮੇਂ ਦੌਰਾਨ ਅਲਾਊਂਸ ਵਿਚ ਵਾਧਾ ਕੀਤਾ ਗਿਆ ਸੀ ਉਸ ਵਾਧੇ ਨੂੰ ਹਾਲੇ ਤੱਕ ਬਠਿੰਡਾ ਥਰਮਲ ਕਲੋਨੀ ਦੇ ਵਰਕਰਾਂ ’ਤੇ ਲਾਗੂ ਨਹੀਂ ਕੀਤਾ ਗਿਆ, ਪੈਸਕੋ ਕਾਮਿਆਂ ਦੀ ਤਨਖਾਹ ਵਿਚ ਨਿਗੁਣਾ ਵਾਧਾ ਕੀਤਾ ਗਿਆ ਹੈ ਪਰ ਉਸ ਵਿਚੋਂ ਵੀ ਕਲੋਨੀ ਦੇ ਕਾਮਿਆਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਕਰਕੇ ਅੱਜ ਮੁਲਾਜ਼ਮਾਂ ਨੇ ਰੋਸ ਜਤਾਇਆ ਹੈ।
ਰਾਜੇਸ਼ ਕੁਮਾਰ ਮਹਿੰਦਰ ਸਿੰਘ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋਂ ਸਰਕਾਰੀ ਵਿਭਾਗਾਂ ਦਾ ਨਿਜੀਕਰਨ ਬੰਦ ਕਰਨ, ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ, ਗੁਜ਼ਾਰੇ ਯੋਗ ਤਨਖਾਹ ਨੂੰ ਲੈ ਕੇ ਉਲੀਕੇ ਪ੍ਰੋਗਰਾਮ ਤਹਿਤ 9 ਦਸੰਬਰ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ।