For the best experience, open
https://m.punjabitribuneonline.com
on your mobile browser.
Advertisement

ਮੰਡੀਆਂ ਵਿੱਚ ਮਾੜੇ ਖਰੀਦ ਪ੍ਰਬੰਧਾਂ ਖ਼ਿਲਾਫ਼ ਰੋਸ ਜ਼ਾਹਰ

08:53 AM Oct 22, 2024 IST
ਮੰਡੀਆਂ ਵਿੱਚ ਮਾੜੇ ਖਰੀਦ ਪ੍ਰਬੰਧਾਂ ਖ਼ਿਲਾਫ਼ ਰੋਸ ਜ਼ਾਹਰ
ਮੰਡੀ ਦੇ ਦੌਰੇ ਸਮੇਂ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਕਾਰਕੁਨ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਅਕਤੂਬਰ
ਦਾਣਾ ਮੰਡੀਆਂ ਵਿੱਚ ਝੋਨੇ ਦੇ ਮਾੜੇ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ, ਡੀਸੀ ਜਤਿੰਦਰ ਜੋਰਵਾਲ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਤੇ ਹੋਰਨਾਂ ਅਧਿਕਾਰੀਆਂ ਨਾਲ ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉੱਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਨੇ ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਸਰਕਾਰੀ ਪ੍ਰਬੰਧਾਂ ਨੂੰ ਨਾਕਾਫ਼ੀ ਕਰਾਰ ਦਿੱਤਾ। ਸਭ ਤੋਂ ਵੱਡੀ ਸਮੱਸਿਆ ਲਿਫਟਿੰਗ ਸਬੰਧੀ ਹੈ।
ਪਿਛਲੇ ਸੀਜ਼ਨ ਦਾ ਚੌਲ ਚੁੱਕਿਆ ਨਾ ਹੋਣ ਕਰਕੇ ਸ਼ੈਲਰਾਂ ’ਚ ਨਵਾਂ ਝੋਨਾ ਲਾਉਣ ਲਈ ਥਾਂ ਨਹੀਂ ਜਿਸ ਕਰਕੇ ਖਰੀਦ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗ ਜਾਣ ਕਰਕੇ ਹੋਰ ਝੋਨਾ ਸੁੱਟਣ ਲਈ ਲੋੜੀਂਦੀ ਥਾਂ ਨਹੀਂ ਬਚੀ। ਉਪਰੋਂ ਹੁਣ ਸ਼ੈਲਰ ਮਾਲਕ 24 ਅਕਤੂਬਰ ਤੱਕ ਹੜਤਾਲ ’ਤੇ ਚਲੇ ਗਏ ਹਨ। ਬੀਕੇਯੂ (ਡਕੌਂਦਾ) ਦੇ ਕਾਰਕੁਨਾਂ ਨੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਜਗਰਾਉਂ, ਹਠੂਰ ਤੇ ਭੰਮੀਪੁਰਾ ਮੰਡੀਆਂ ’ਚ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖਰੀਦ ਦਾ ਬਹੁਤ ਮਾੜਾ ਹਾਲ ਹੈ। ਪਿਛਲੇ ਕਈ ਦਿਨਾਂ ਤੋਂ ਮੰਡੀ ’ਚ ਰੁਲ ਰਹੇ ਕਿਸਾਨਾਂ ਨਾਲ ਮੀਟਿੰਗ ਕਰਕੇ ਪਤਾ ਲੱਗਾ ਕਿ ਝੋਨੇ ਦੀ ਨਮੀ ਨਾਪਣ ਲਈ ਸਰਕਾਰੀ ਤੇ ਪ੍ਰਾਈਵੇਟ ਯੰਤਰ ਦੀ ਪੈਮਾਇਸ਼ ’ਚ ਵੱਡਾ ਫਰਕ ਹੈ। ਇਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਜਦਕਿ ਲਿਫਟਿੰਗ ਨਾਮਾਤਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਕਿਸਾਨਾਂ ਦਾ ਝੋਨਾ ਸ਼ੈਲਰ ਮਾਲਕ ਪੰਜ ਕਿਲੋ ਪ੍ਰਤੀ ਕੁਇੰਟਲ ਕਾਟ ਕੱਟ ਕੇ ਸਿੱਧਾ ਸ਼ੈਲਰਾਂ ’ਚ ਲੁਹਾ ਰਹੇ ਹਨ। ਇਸ ਨਾਲ ਕਿਸਾਨਾਂ ਦੇ ਨਾਲ-ਨਾਲ ਸਰਕਾਰੀ ਖਜ਼ਾਨੇ ਨੂੰ ਵੀ ਮਾਰ ਪੈ ਰਹੀ ਹੈ। ਮੰਡੀਆਂ ’ਚ ਬਾਰਦਾਨੇ ਦੀ ਸਪਲਾਈ ਦੀ ਹਾਲਤ ਤਰਸਯੋਗ ਹੈ।
ਸਰਕਾਰੀ ਦਾਅਵਿਆਂ ਦੇ ਬਾਵਜੂਦ ਭੰਮੀਪੁਰਾ ਮੰਡੀ ’ਚ ਝੋਨੇ ਦੀ ਖਰੀਦ ਅਜੇ ਤੱਕ ਸ਼ੁਰੂ ਨਾ ਹੋਣ ਕਾਰਨ ਕਿਸਾਨ ਰਾਤਾਂ ਝਾਕਣ ਲਈ ਮਜਬੂਰ ਹਨ। ਬਾਹਰਲੇ ਜ਼ਿਲ੍ਹਿਆਂ ’ਚੋਂ ਵੀ ਝੋਨਾ ਵਿਕਣ ਲਈ ਹਠੂਰ ਮੰਡੀ ’ਚ ਆ ਰਿਹਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਲਕੇ ਤੱਕ ਹਾਲਤ ’ਚ ਸੁਧਾਰ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਤਰਸੇਮ ਸਿੰਘ ਬੱਸੂਵਾਲ, ਨਿਰਮਲ ਸਿੰਘ ਭੰਮੀਪੁਰਾ, ਸਰੂਪ ਸਿੰਘ ਭੰਮੀਪੁਰਾ, ਸ਼ੇਰ ਸਿੰਘ ਬੱਸੂਵਾਲ, ਕੁਲਵਿੰਦਰ ਸਿੰਘ ਤੇ ਲਾਡੀ ਹਠੂਰ ਆਦਿ ਹਾਜ਼ਰ ਸਨ।

Advertisement

ਵਿਧਾਇਕ ਗਿਆਸਪੁਰਾ ਦੇ ਦਫ਼ਤਰ ਅੱਗੇ ਧਰਨਾ ਜਾਰੀ

ਪਾਇਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਝੋਨੇ ਦੀ ਖਰੀਦ ਤੇ ਲਿਫਟਿੰਗ ਨਿਰਵਿਘਨ ਕਰਵਾਉਣ ਲਈ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਲਾਇਆ ਧਰਨਾ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਝੋਨੇ ਦੀ ਪੂਰੀ ਐੱਮਐੱਸਪੀ ’ਤੇ ਨਿਰਵਿਘਨ ਖਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕੀਤੀ ਜਾਵੇ। ਧਰਨੇ ਨੂੰ ਜਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਯੁਵਰਾਜ ਸਿੰਘ ਘੁਡਾਣੀ, ਨਾਜਰ ਸਿੰਘ ਸਿਆੜ, ਰੁਪਿੰਦਰ ਸਿੰਘ ਜੋਗੀਮਾਜਰਾ, ਮੇਜਰ ਸਿੰਘ ਜ਼ੀਰਖ, ਕਲਵੰਤ ਸਿੰਘ ਤਰਕ ਤੇ ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

Advertisement