ਵਰ੍ਹਦੇ ਮੀਂਹ ’ਚ ਪੁਲੀਸ ਵਧੀਕੀਆਂ ਖ਼ਿਲਾਫ਼ ਧਰਨਾ
ਗੁਰਮੀਤ ਖੋਸਲਾ
ਸ਼ਾਹਕੋਟ, 29 ਅਗਸਤ
ਪੁਲੀਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਲੋਹੀਆਂ ਖਾਸ ਵੱਲੋਂ ਅੱਜ ਵਰ੍ਹਦੇ ਮੀਂਹ ਵਿੱਚ ਪੁਲੀਸ ਵਧੀਕੀਆਂ ਖਿਲਾਫ਼ ਦਾਣਾ ਮੰਡੀ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਵਿੰਦਰ ਨਾਗੀ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਚਰਨ ਸਿੰਘ ਅਟਵਾਲ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਸੋਨੂੰ ਅਰੋੜਾ ਨੇ ਥਾਣਾ ਲੋਹੀਆਂ ਦੇ ਪਹਿਲੇ ਮੁਖੀ, ਇੱਕ ਸਬ ਇੰਸਪੈਕਟਰ ਅਤੇ ਇੱਕ ਏਐੱਸਆਈ ਉੱਪਰ ਥਾਣੇ ਵਿੱਚੋਂ ਇਨਸਾਫ਼ ਲੈਣ ਗਏ ਵਿਅਕਤੀਆਂ ਨਾਲ ਦੁਰਵਿਹਾਰ ਕਰਨ ਦਾ ਕਥਿਤ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਲੋਹੀਆਂ ਪੁਲੀਸ ਦੀਆਂ ਕਥਿਤ ਮਨਮਾਨੀਆਂ ਕਾਰਨ ਅਨੇਕਾਂ ਪੀੜਤ ਪਿਛਲੇ 6 ਮਹੀਨਿਆਂ ਤੋਂ ਇਨਸਾਫ਼ ਲਈ ਭਟਕ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਸੱਤਾਧਾਰੀਆਂ ਦੇ ਦਬਾਅ ਥੱਲੇ ਆ ਕੇ ਲੋਕਾਂ ਨੂੰ ਇਨਸਾਫ਼ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਬੁਲਾਰਿਆਂ ਨੇ ਤੱਥਾਂ ਸਹਿਤ ਇਨਸਾਫ਼ ਲਈ ਭਟਕਣ ਵਾਲਿਆਂ ਦੀਆਂ ਉਦਾਹਰਣਾਂ ਵੀ ਪੇਸ਼ ਕੀਤੀਆਂ। ਮੌਕੇ ’ਤੇ ਪੁੱਜੇ ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਧਰਨਾਕਾਰੀਆਂ ਨੂੰ ਪੂਰਾ ਇਨਸਾਫ਼ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਅਜੇ ਕੁਮਾਰ, ਸੁਖਚੈਨ ਸਿੰਘ, ਹੰਸ, ਧਰਮਾ, ਸੁਖਦੇਵ, ਬਲਦੇਵ ਅਤੇ ਅਵਤਾਰ ਡੁਮਾਣਾ ਨੇ ਸੰਬੋਧਨ ਕੀਤਾ।