ਜੱਲੋਪੁਰ ਵਾਸੀਆਂ ਵੱਲੋਂ ਪੰਚਾਇਤ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਰਤੀਆ, 28 ਜਨਵਰੀ
ਅੱਜ ਰਤੀਆ ਸਬ-ਡਿਵੀਜ਼ਨ ਦੇ ਪਿੰਡ ਜੱਲੋਪੁਰ ਵਿੱਚ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਰਿਹਾਇਸ਼ ਯੋਜਨਾ ਤਹਿਤ ਹੋਈ ਧੋਖਾਧੜੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪਲਾਟ ਅਲਾਟ ਕਰਨ ਵਾਲੇ ਸਰਪੰਚ, ਪਿੰਡ ਸਕੱਤਰ, ਨੰਬਰਦਾਰ ਵਿਰੁੱਧ ਸੀਐੱਮ ਵਿੰਡੋ ਨੂੰ ਸ਼ਿਕਾਇਤ ਭੇਜੀ ਅਤੇ ਅਧਿਕਾਰੀਆਂ ’ਤੇ ਅਯੋਗ ਲੋਕਾਂ ਨੂੰ ਪਲਾਟ ਅਲਾਟ ਕਰਨ ਦਾ ਦੋਸ਼ ਲਗਾਇਆ। ਇਸ ਸਬੰਧੀ ਐੱਸਡੀਐੱਮ ਰਾਹੀਂ ਸ਼ਿਕਾਇਤ ਭੇਜੀ ਗਈ ਅਤੇ ਯੋਗ ਲਾਭਪਾਤਰੀਆਂ ਨੂੰ ਪਲਾਟ ਦੇਣ ਦੀ ਮੰਗ ਕੀਤੀ ਗਈ। ਰਮੇਸ਼ ਕੁਮਾਰ, ਜੋਗਾਰਾਮ, ਸੋਨੂੰ, ਮਹਿੰਦਰ, ਬਿੱਟੂ, ਨਾਪਾ, ਅੰਗਰੇਜ਼, ਮਨਦੀਪ, ਪ੍ਰੇਮ ਕੁਮਾਰ, ਅਜੈ ਕੁਮਾਰ, ਸੁਰਜੀਤ, ਧਰਮਪਾਲ, ਦਰਸ਼ਨ ਲਾਲ, ਵਿਨੋਦ ਕੁਮਾਰ, ਪ੍ਰਵੀਨ ਕੁਮਾਰ ਆਦਿ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਹੈ ਕਿ ਜੱਲੋਪੁਰ ਪਿੰਡ ਵਿੱਚ ਮੁੱਖ ਮੰਤਰੀ ਰਿਹਾਇਸ਼ ਯੋਜਨਾ ਤਹਿਤ ਪਲਾਟਾਂ ਦੀ ਅਲਾਟਮੈਂਟ ਵਿੱਚ ਵੱਡਾ ਘੁਟਾਲਾ ਹੋਇਆ ਹੈ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਪਲਾਟ ਦਿੱਤੇ ਗਏ ਹਨ, ਉਨ੍ਹਾਂ ਕੋਲ ਲਾਲ ਡੋਰੇ ਵਿੱਚ ਜ਼ਮੀਨ ਅਤੇ ਪਲਾਟ ਹਨ ਅਤੇ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਵੀ ਪਲਾਟ ਅਲਾਟ ਕੀਤੇ ਗਏ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜੱਲੋਪੁਰ ਦੀ ਪੂਰੀ ਪੰਚਾਇਤ, ਪੰਚਾਇਤ ਸਕੱਤਰ ਅਤੇ ਨੰਬਰਦਾਰ ਨੇ ਮਿਲ ਕੇ ਇਹ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਐੱਸਡੀਐੰਮ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਅਯੋਗ ਵਿਅਕਤੀ ਨੂੰ ਕੋਈ ਪਲਾਟ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਯੋਗ ਵਿਅਕਤੀ ਨੂੰ ਵਾਂਝਾ ਰੱਖਿਆ ਜਾਵੇਗਾ।