ਬਾਹੋਮਾਜਰਾ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਰੋਸ ਮੁਜ਼ਾਹਰਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 29 ਜੁਲਾਈ
ਇੱਥੋਂ ਦੇ ਨੇੜਲੇ ਪਿੰਡ ਬਾਹੋਮਾਜਰਾ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ ਵਿੱਚ ਲੋਕਾਂ ਨੇ ਠੇਕੇ ਅੱਗੇ ਧਰਨਾ ਲਾ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਦੇ ਪਰਮਿੰਦਰ ਸਿੰਘ, ਕੁਲਵੀਰ ਸਿੰਘ, ਹਰਜੀਤ ਸਿੰਘ ਅਤੇ ਗੁਰਮੁੱਖ ਸਿੰਘ ਨੇ ਕਿਹਾ ਕਿ ਪਿੰਡ ਦੀ ਮੁੱਖ ਸੜਕ ’ਤੇ ਠੇਕਾ ਖੋਲ੍ਹਿਆ ਗਿਆ ਹੈ ਜਿਸ ਦੇ ਨੇੜੇ ਬੱਚੇ ਖੇਡਦੇ ਹਨ ਅਤੇ ਸਵੇਰੇ-ਸ਼ਾਮ ਬਜ਼ੁਰਗ ਅਤੇ ਔਰਤਾਂ ਸੈਰ ਕਰਦੀਆਂ ਹਨ। ਇਸ ਤੋਂ ਇਲਾਵਾ ਪੀਰ ਦੀ ਦਰਗਾਹ, ਸ਼ਹੀਦਾਂ ਦਾ ਅਸਥਾਨ ਅਤੇ ਬਾਬੇ ਦੀ ਕੁਟੀਆ ਵੀ ਇਸ ਸੜਕ ਨੇੜੇ ਹੀ ਸਥਿਤ ਹੈ। ਲੋਕਾਂ ਨੇ ਕਿਹਾ ਕਿ ਇਸ ਸੜਕ ਤੋਂ ਪੂਰੇ ਪਿੰਡ ਦੀ ਆਵਾਜਾਈ ਲੰਘਦੀ ਹੈ ਜਿੱਥੇ ਸ਼ਰਾਬ ਪੀਣ ਵਾਲੇ ਲੋਕਾਂ ਇੱਥੋਂ ਲੰਘਣ ਵਾਲੀਆਂ ਔਰਤਾਂ ਨਾਲ ਦੁਰਵਿਵਹਾਰ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਬੱਚਿਆਂ ਦਾ ਧਿਆਨ ਵੀ ਨਸ਼ੇ ਵੱਲ ਜਾ ਸਕਦਾ ਹੈ।
ਉਪਰੋਕਤ ਵਿਅਕਤੀਆਂ ਨੇ ਕਿਹਾ ਕਿ ਬਾਹੋਮਾਜਰਾ ਪਿੰਡ ਪਹਿਲਾਂ ਹੀ ਨਕਲੀ ਸ਼ਰਾਬ ਫੈਕਟਰੀ ਕਾਰਨ ਬਦਨਾਮ ਹੈ ਹੁਣ ਨੌਜਵਾਨੀ ਨੂੰ ਨਸ਼ੇ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕੇ ਨੂੰ ਹਟਾਉਣ ਲਈ ਐੱਸਡੀਐੱਮ, ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਨੂੰ ਕਈ ਵਾਰ ਅਪੀਲ ਕਰਨ ਚੁੱਕੇ ਹਨ ਪਰ ਕੋਈ ਕਾਰਵਾਈ ਨਾ ਹੋਣ ਉਪਰੰਤ ਅੱਜ ਠੇਕੇ ਅੱਗੇ ਧਰਨਾ ਲਾਉਣਾ ਪਿਆ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਠੇਕਾ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕਰਕੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਇਸ ਸਬੰਧੀ ਆਬਕਾਰੀ ਵਿਭਾਗ ਦੇ ਈਟੀਓ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਮੌਕੇ ’ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ। ਠੇਕਾ ਖੋਲ੍ਹਣ ਸਮੇਂ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਹੋਈ, ਜੇਕਰ ਫ਼ਿਰ ਵੀ ਲੋਕਾਂ ਨੂੰ ਇਤਰਾਜ਼ ਹੈ ਤਾਂ ਅਸੀਂ ਜਲਦ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ।