For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਮਜ਼ਦੂਰਾਂ ਨੂੰ ਸਹੂਲਤਾਂ ਨਾ ਦੇਣ ਵਿਰੁੱਧ ਧਰਨਾ

08:42 AM Sep 20, 2024 IST
ਮਨਰੇਗਾ ਮਜ਼ਦੂਰਾਂ ਨੂੰ ਸਹੂਲਤਾਂ ਨਾ ਦੇਣ ਵਿਰੁੱਧ ਧਰਨਾ
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ। -ਫੋਟੋ: ਗਿੱਲ
Advertisement

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 19 ਸਤੰਬਰ
ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ, ਜਿਸ ਦੌਰਾਨ ਪ੍ਰਸ਼ਾਸਨ ਤੋਂ ਮਨਰੇਗਾ ਮਜ਼ਦੂਰਾਂ ਨੂੰ ਕੰਮ ਸਮੇਂ ਸੁਰੱਖਿਆ ਤੋਂ ਇਲਾਵਾ ਲੋੜੀਂਦੇ ਸੰਦ, ਪੀਣ ਵਾਲਾ ਪਾਣੀ ਤੇ ਡਾਕਟਰੀ ਸਹੂਲਤਾਂ ਦੇਣ ਦੀ ਮੰਗ ਕੀਤੀ।
ਸੀਟੂ ਦੇ ਸੂਬਾਈ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਸੁਨਾਮ ਤਹਿਸੀਲ ਦੇ ਪਿੰਡ ਬਿਸ਼ਨਪੁਰਾ ਵਿੱਚ ਕੰਮ ਸਮੇਂ ਤੇਜ਼ ਰਫ਼ਤਾਰ ਟਰੱਕ ਵੱਲੋਂ ਦਰੜ ਕੇ ਮਾਰ ਦਿੱਤੇ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਘੱਟੋ-ਘੱਟ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਸੀਟੂ ਆਗੂ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਦੀ ਸਹਿਮਤੀ ਨਾਲ ਪਿੰਡ ਹੇਰਾਂ, ਹਲਵਾਰਾ, ਐਤੀਆਣਾ, ਰਕਬਾ ਅਤੇ ਹਿੱਸੋਵਾਲ ਵਿੱਚ ਲਾਏ ਮਨਰੇਗਾ ਮੇਟਾਂ ਨੂੰ ਹਟਾ ਕੇ ‘ਆਪ’ ਦੇ ਸਥਾਨਕ ਆਗੂਆਂ ਵੱਲੋਂ ਰਾਜਨੀਤਿਕ ਦਬਾਅ ਹੇਠ ਬਦਲ ਦਿੱਤੇ ਮੇਟ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ। ਮਜ਼ਦੂਰ ਆਗੂਆਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਉਪਰ ਦੋਸ਼ ਲਾਇਆ ਕਿ ਕੰਮ ਸਮੇਂ ਸੁਰੱਖਿਆ ਤੋਂ ਇਲਾਵਾ ਲੋੜੀਂਦੇ ਸੰਦ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹੂਲਤਾਂ ਦੇਣ ਬਾਰੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਉਨ੍ਹਾਂ ਮਸਲੇ ਦਾ ਹੱਲ ਨਹੀਂ ਕੀਤਾ ਹੈ। ਬਿਨਾ ਕਸੂਰ ਹਿੱਸੋਵਾਲ ਦੀ ਮੇਟ ਨੂੰ ਹਟਾਉਣ ਖ਼ਿਲਾਫ਼ ਵੀ ਮਜ਼ਦੂਰਾਂ ਨੇ ਤਿੱਖਾ ਰੋਸ ਪ੍ਰਗਟਾਇਆ। ਬਲਾਕ ਵਿਕਾਸ ਅਧਿਕਾਰੀ ਦੀ ਗ਼ੈਰਮੌਜੂਦਗੀ ਵਿੱਚ ਉਨ੍ਹਾਂ ਮਜ਼ਦੂਰ ਆਗੂਆਂ ਨੂੰ ਫ਼ੋਨ ‘ਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਧਰਨਾਕਾਰੀ ਨੂੰ ਮਜ਼ਦੂਰ ਆਗੂ ਕਰਮਜੀਤ ਸਿੰਘ, ਕੇਵਲ ਸਿੰਘ ਮੁੱਲਾਂਪੁਰ, ਪ੍ਰਿਤਪਾਲ ਸਿੰਘ ਬਿੱਟਾ, ਮੇਵਾ ਸਿੰਘ, ਅਮਨਦੀਪ ਕੌਰ, ਮਨਦੀਪ ਕੌਰ, ਬਲਵੀਰ ਸਿੰਘ ਅਤੇ ਦਰਸ਼ਨ ਸਿੰਘ ਹੇਰਾਂ ਨੇ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement