For the best experience, open
https://m.punjabitribuneonline.com
on your mobile browser.
Advertisement

ਟੌਲ ਪਲਾਜ਼ੇ ਨੇੜੇ ਸੜਕ ਦੀ ਮੁਰੰਮਤ ਨਾ ਹੋਣ ਖ਼ਿਲਾਫ਼ ਮੁਜ਼ਾਹਰਾ

08:29 AM Jun 04, 2024 IST
ਟੌਲ ਪਲਾਜ਼ੇ ਨੇੜੇ ਸੜਕ ਦੀ ਮੁਰੰਮਤ ਨਾ ਹੋਣ ਖ਼ਿਲਾਫ਼ ਮੁਜ਼ਾਹਰਾ
ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ। -ਫੋਟੋ: ਗੁਰਬਖਸ਼ਪੁਰੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 3 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਕੌਮੀ ਸ਼ਾਹ ਮਾਰਗ ’ਤੇ ਚੁਤਾਲਾ ਪਿੰਡ ਦੇ ਮੋੜ ’ਤੇ ਸਰਵਿਸ ਲੇਨ ਦੀ ਮੁਰੰਮਤ ਦਾ ਕੰਮ 18 ਜੂਨ ਤੱਕ ਮੁਕੰਮਲ ਨਾ ਕੀਤੇ ਜਾਣ ’ਤੇ 20 ਜੂਨ ਤੋਂ ਉਸਮਾਂ ਟੌਲ ਪਲਾਜ਼ਾ ’ਤੇ ਕੌਮੀ ਸ਼ਾਹ ਮਾਰਗ ਅਥਾਰਟੀ ਖਿਲਾਫ਼ ਅਣਮਿਥੇ ਸਮੇਂ ਦਾ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ|
ਇਸ ਸਬੰਧੀ ਪਿੰਡ ਵਾਸੀਆਂ ਨੇ ਸੜਕ ਦੇ ਵਿਚਾਲੇ ਲਟਕ ਰਹੇ ਕੰਮ ਸਬੰਧੀ ਅੱਜ ਇਕ ਮੀਟਿੰਗ ਕਰਕੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਕੰਮ ਨਿਪਟਾਉਣ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਖਿਲਾਫ਼ ਚਿਤਾਵਨੀ ਦਿੱਤੀ| ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਇਹ ਕੰਮ ਬਿਨਾਂ ਕਾਰਨ ਕਈ ਸਾਲਾਂ ਤੋਂ ਠੱਪ ਰੱਖਿਆ ਹੋਇਆ ਹੈ|
ਜਥੇਬੰਦੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਚੁਤਾਲਾ ਅਤੇ ਤਜਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ 18 ਜੂਨ ਤੱਕ ਕੰਮ ਖਤਮ ਨਾ ਕੀਤੇ ਜਾਣ ਤੇ ਜਥੇਬੰਦੀ 20 ਜੂਨ ਤੋਂ ਉਸਮਾਂ ਟੋਲ ਪਲਾਜ਼ਾ ’ਤੇ ਧਰਨਾ ਦੇ ਕੇ ਵਾਹਨਾਂ ਨੂੰ ਬਿਨਾਂ ਪਰਚੀ ਤੋਂ ਲੰਘਾਉਣਾ ਸ਼ੁਰੂ ਕਰ ਦੇਣਗੇ। ਇਸ ਮੌਕੇ ਜਥੇਬੰਦੀ ਦੇ ਆਗੂ ਸਤਨਾਮ ਸਿੰਘ, ਸਕੱਤਰ ਸਿੰਘ, ਮਹਿੰਦਰ ਸਿੰਘ, ਮਾਸਟਰ ਮੇਹਰ ਸਿੰਘ ਚੁਤਾਲਾ ਨੇ ਵੀ ਸੰਬੋਧਨ ਕੀਤਾ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਸੜਕ ਦੇ ਖਰਾਬ ਹੋਣ ਤੇ ਸੜਕ ਦੇ ਐਨ ਵਿਚਕਾਰ ਤੱਕ ਸਾਲਾਂ ਤੋਂ ਪਾਣੀ ਖੜ੍ਹਦਾ ਰਹਿਣ ਕਰਕੇ ਕਈ ਹਾਦਸੇ ਹੋਏ ਹਨ|

Advertisement

ਚੱਕ ਬਾਹਮਣੀਆਂ ਟੌਲ ਪਲਾਜ਼ੇ ਤੋਂ ਬਿਨਾਂ ਪਰਚੀ ਵਾਹਨ ਲੰਘਾਏ

ਸ਼ਾਹਕੋਟ (ਪੱਤਰ ਪ੍ਰੇਰਕ): ਜਲੰਧਰ-ਬਰਨਾਲਾ ਕੌਮੀ ਸ਼ਾਹਰਾਹ ਉੱਪਰ ਕੌਮੀ ਹਾਈਵੇਅ ਅਥਾਰਟੀ ਵੱਲੋਂ ਸਹੂਲਤਾਂ ਨਾ ਦੇਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਦੀ ਅਗਵਾਈ ਵਿਚ ਅੱਜ ਕਿਸਾਨਾਂ ਨੇ ਦੂਜੇ ਦਿਨ ਵੀ ਚੱਕ ਬਾਹਮਣੀਆਂ ਦੇ ਟੌਲ ਨੂੰ ਪਰਚੀ ਮੁਕਤ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁੱਖ ਗਿੱਲ (ਮੋਗਾ) ਨੇ ਦੱਸਿਆ ਕਿ ਮੋਗਾ ਤੋਂ ਲੈ ਕੇ ਲਾਂਬੜਾ ਤੱਕ ਰਾਸ਼ਟਰੀ ਹਾਈਵੇਅ ਅਥਾਰਟੀ ਵੱਲੋਂ ਸੜਕਾਂ ਦੀ ਮੁਰੰਮਤ ਤੇ ਸਫ਼ਾਈ ਨਹੀਂ ਕਰਵਾਈ ਜਾ ਰਹੀ ਹੈ। ਸੜਕ ਉੱਪਰ ਉਸਾਰੇ ਪੁਲਾਂ ਉੱਪਰ ਲਗਾਈਆਂ ਲਾਈਟਾਂ ਬੰਦ ਪਈਆਂ ਹਨ ਤੇ ਐਂਬੂਲੈਂਸ ਜਾਂ ਰਿਕਵਰੀ ਵੈਨ ਦੀ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਸਰਵਿਸ ਵਾਲੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਉਨ੍ਹਾਂ ਨੇ ਇਸ ਸਬੰਧੀ ਅਨੇਕਾਂ ਵਾਰ ਟੌਲ ਕੰਪਨੀ, ਹਾਈਵੇਅ ਅਥਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀਆਂ ਕੀਤੀਆਂ ਪਰ ਕਿਸੇ ਉਨ੍ਹਾਂ ਦੀ ਫਰਿਆਦ ਉੱਪਰ ਕੋਈ ਗੌਰ ਨਹੀ ਕੀਤਾ। ਇਸ ਕਰਕੇ ਉਨ੍ਹਾਂ ਦੀ ਜਥੇਬੰਦੀ ਨੇ ਆਵਾਜਾਈ ਵਿਚ ਵਿਘਨ ਪਾਏ ਤੋਂ ਬਗੈਰ ਟੌਲ ਨੂੰ ਅਣਮਿਥੇ ਸਮੇਂ ਲਈ ਪਰਚੀ ਮੁਕਤ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੂਜੇ ਦਿਨ ਵੀ ਟੌਲ ਉੱਪਰ ਧਰਨਾ ਦਿਤਾ ਗਿਆ ਅਤੇ ਵਾਹਨਾਂ ਨੂੰ ਬਿਨਾਂ ਪਰਚੀ ਤੋਂ ਲੰਘਾਇਆ ਗਿਆ।

Advertisement

Advertisement
Author Image

Advertisement