ਕਿਸਾਨਾਂ ਨੂੰ ਲਿਮਟਾਂ ਦੇ ਪੈਸੇ ਨਾ ਦੇਣ ਖ਼ਿਲਾਫ਼ ਮੁਜ਼ਾਹਰਾ
ਪਵਨ ਗੋਇਲ
ਭੁੱਚੋ ਮੰਡੀ, 30 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਵੱਲੋਂ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਅਤੇ ਜਗਸੀਰ ਸਿੰਘ ਚੋਟੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਲਿਮਟਾਂ ਭਰੇ ਜਾਣ ਦੇ ਬਾਵਜੂਦ ਮੁੜ ਲਿਮਟਾਂ ’ਚੋਂ ਪੈਸੇ ਕੱਢ ਕੇ ਨਾ ਦੇਣ ਦੇ ਵਿਰੋਧ ਵਿੱਚ ਪਿੰਡ ਤੁੰਗਵਾਲੀ ਦੇ ਸਟੇਟ ਬੈਂਕ ਆਫ਼ ਇੰਡੀਆਂ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੇ ਧਰਨੇ ਮਗਰੋਂ ਬੈਂਕ ਅਧਿਕਾਰੀਆਂ ਨੇ ਲਿਮਟਾਂ ਵਿੱਚੋਂ ਪੈਸੇ ਕੱਢ ਕੇ ਦੇਣੇ ਸ਼ੁਰੂ ਕੀਤੇ। ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਕਿਸਾਨ ਹਾੜ੍ਹੀ ਅਤੇ ਸਾਉਣੀ ਮੌਕੇ ਬੈਂਕ ਦੀਆਂ ਲਿਮਟਾਂ ਭਰਦੇ ਹਨ। ਇਸ ਵਾਰ ਕਿਸਾਨਾਂ ਨੇ ਆਪਣੀਆਂ ਲਿਮਟਾਂ ਭਰ ਦਿੱਤੀਆਂ ਹਨ ਪਰ ਅਧਿਕਾਰੀਆਂ ਨੇ 30 ਨਵੰਬਰ ਤੱਕ ਲਿਮਟਾਂ ਦਾ ਰਿਕਾਰਡ ਆਨਲਾਈਨ ਨਹੀਂ ਕੀਤਾ ਜਿਸ ਕਾਰਨ ਪਹਿਲਾਂ ਦਸੰਬਰ ਨੂੰ ਕਿਸਾਨਾਂ ਨੂੰ ਲਿਮਟਾ ਨਾ ਭਰੇ ਜਾਣ ਦਾ ਮੋਟਾ ਜੁਰਮਾਨਾ ਪੈਣਾ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਲਾਪਰਾਹੀ ਕਾਰਨ ਕਿਸਾਨਾਂ ਨੂੰ ਖੇਤੀ ਕੰਮਾਂ ਲਈ ਆਰਥਿਕ ਪੇ੍ਰਸ਼ਾਨੀ ਝੱਲਣੀ ਪੈ ਰਹੀ ਹੈ।