ਗੰਦੇ ਪਾਣੀ ਦਾ ਨਿਕਾਸ ਨਾ ਹੋਣ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਅਮਲੋਹ, 10 ਫਰਵਰੀ
ਬੁੱਗਾ ਚੌਕ ਤੋਂ ਮੁੱਖ ਬਾਜ਼ਾਰ ਨੂੰ ਜਾਂਦੇ ਰਸਤੇ ’ਤੇ ਕਰੀਬ ਹਫ਼ਤੇ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ ਦੁਕਾਨਦਾਰਾਂ ਨੇ ਗੁਰਦੁਆਰਾ ਮਾਰਕੀਟ ਨਜ਼ਦੀਕ ਆਵਾਜਾਈ ਠੱਪ ਕਰ ਕੇ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਵਿਚ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਕਰੀਬ ਇੱਕ ਘੰਟੇ ਬਾਅਦ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਪਾਣੀ ਦੀ ਨਿਕਾਸੀ ਦਾ ਭਰੋਸਾ ਦੇਣ ਬਾਅਦ ਉਨ੍ਹਾਂ ਧਰਨਾ ਖ਼ਤਮ ਕਰ ਦਿੱਤਾ। ਇਸ ਮੌਕੇ ਹਰਮੀਤ ਸਿੰਘ ਅਰੋੜਾ, ਆਸ਼ੂ ਗੋਇਲ, ਨਰੇਸ਼ ਕੁਮਾਰ ਝੱਟਾ, ਹਰਬੰਸ ਲਾਲ, ਜਤਿੰਦਰ ਸਿੰਘ ਕਾਲਾ, ਹਰਿੰਦਰ ਸਿੰਘ ਪਾਵਾ, ਨਰੇਸ਼ ਕੁਮਾਰ ਲਾਡੀ ਅਤੇ ਮੋਹਨ ਸਿੰਘ ਨੇ ਦੋਸ਼ ਲਾਇਆ ਕਿ ਜਿੱਥੇ ਦੁਕਾਨਦਾਰਾਂ ਨੂੰ ਮੁਸ਼ਕਲ ਆਉਂਦੀ ਹੈ, ਉਥੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦਗੀ ਕਾਰਨ ਬਿਮਾਰੀ ਫੈਲਣ ਦਾ ਵੀ ਖ਼ਤਰਾ ਹੈ। ਇੱਥੋਂ ਹੀ ਸਰਕਾਰੀ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਲੰਘਣਾ ਪੈਂਦਾ ਹੈ।
ਇਸ ਸਬੰਧੀ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਮੋਟਰ ਖ਼ਰਾਬ ਹੋਣ ਕਾਰਨ ਇਹ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਵੱਡੀ ਮੋਟਰ ਠੀਕ ਹੋ ਕੇ ਆ ਜਾਵੇਗੀ ਜਿਸ ਨਾਲ ਇਸ ਮੁਸ਼ਕਲ ਦਾ ਹੱਲ ਕਰਵਾ ਦਿੱਤਾ ਜਾਵੇਗਾ।