ਸੜਕ ਨਾ ਬਣਨ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਪਠਾਨਕੋਟ, 16 ਜੂਨ
ਪੰਗੋਲੀ ਚੌਕ ਤੋਂ ਜੁਗਿਆਲ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਘੋਹ ਮੋੜ ਉਪਰ ਪਿੰਡ ਵਾਸੀਆਂ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਵੰਤ ਸਿੰਘ ਘੋਹ ਤੇ ਜ਼ਿਲ੍ਹਾ ਪ੍ਰਧਾਨ ਬਲਕਾਰ ਚੰਦ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਸ਼ਿਵ ਕੁਮਾਰ, ਪੰਜਾਬ ਨਿਰਮਾਣ ਯੂਨੀਅਨ ਦੇ ਆਗੂ ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਅਤੇ ਘੋਹ ਮੋੜ ਤੋਂ ਦੁਰੰਗ ਕੋਠੀ ਨੂੰ ਜਾਣ ਵਾਲੀ ਸੜਕ ਨਾ ਬਣਾਏ ਜਾਣ ਨੂੰ ਲੈ ਕੇ ਰੋਡ ਜਾਮ ਕੀਤਾ ਗਿਆ। ਧਰਨੇ ਵਿੱਚ ਜੰਗ ਬਹਾਦਰ, ਮਨੋਹਰ ਲਾਲ, ਕਰਨ ਸਿੰਘ, ਬੱਬੀ, ਮਨੋਹਰ ਲਾਲ, ਮੋਹਨ ਲਾਲ, ਬਿੱਟੂ ਕੁਮਾਰ ਆਦਿ ਹਾਜ਼ਰ ਸਨ।ਧਰਨੇ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਘੋਹ, ਨੱਥਾ ਸਿੰਘ ਅਤੇ ਸ਼ਿਵ ਕੁਮਾਰ ਨੇ ਕਿਹਾ ਕਿ ਇਹ ਸੜਕ 2016 ਨੂੰ ਰਿਪੇਅਰ ਕੀਤੀ ਗਈ ਸੀ। ਉਸ ਦੇ ਬਾਅਦ ਅਜੇ ਤੱਕ ਇਸ ਦੀ ਕਿਸੇ ਨੇ ਵੀ ਕੋਈ ਸੁਧ ਨਹੀਂ ਲਈ ਹੈ। ਜਦ ਕਿ ਇਸ ਸੜਕ ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਸੜਕ ਤਾਂ ਕਿਧਰੇ ਵੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਇਸ ਸੜਕ ਕਿਨਾਰੇ ਕਰੀਬ 15 ਪਿੰਡ ਪੈਂਦੇ ਹਨ ਅਤੇ 5 ਸਰਕਾਰੀ ਸਕੂਲ ਵੀ ਪੈਂਦੇ ਹਨ। ਜਿਨ੍ਹਾਂ ਵਿੱਚ ਸਾਰੇ ਪਿੰਡਾਂ ਦੇ ਬੱਚੇ ਪੜ੍ਹਨ ਜਾਂਦੇ ਹਨ। ਟੋਇਆਂ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਇਸ ਦੀ ਕੋਈ ਜੂੰ ਤੱਕ ਨਹੀਂ ਸਰਕੀ ਹੈ। ਉਨ੍ਹਾਂ ਧਰਨੇ ’ਤੇ ਬੈਠੇ ਲੋਕਾਂ ਨੂੰ ਦੱਸਿਆ ਕਿ ਜੇਕਰ 24 ਜੂਨ ਤੱਕ ਇਸ ਸੜਕ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਤਾਂ 25 ਜੂਨ ਨੂੰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਮੰਡੀ ਬੋਰਡ ਵਿਭਾਗ ਦੇ ਐੱਸਡੀਓ ਕੁਲਵੰਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ 1-2 ਦਿਨਾਂ ਵਿੱਚ ਹੀ ਉਹ ਉਚ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਸੜਕ ਵਿੱਚ ਜੋ ਟੋਏ ਪਏ ਹਨ, ਨੂੰ ਭਰਵਾ ਦੇਣਗੇ। ਇਸ ਭਰੋਸੇ ਉਪਰੰਤ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ।