ਰਜਵਾਹੇ ਵਿੱਚ ਡੇਢ ਸਾਲ ਤੋਂ ਪਾਣੀ ਨਾ ਆਉਣ ਖ਼ਿਲਾਫ਼ ਰੋਸ
ਦੀਪਕ ਠਾਕੁਰ
ਤਲਵਾੜਾ, 24 ਜੁਲਾਈ
ਪਿਛਲੇ ਕਰੀਬ ਡੇਢ ਸਾਲ ਤੋਂ ਰਜਵਾਹੇ ਵਿੱਚ ਪਾਣੀ ਨਾ ਆਉਣ ਦੇ ਵਿਰੋਧ ਵਜੋਂ ਅੱਜ ਹਾਜੀਪੁਰ ਦੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦੇ ਵਫ਼ਦ ਨੇ ਸ਼ਾਹ ਨਹਿਰ ਵਿਭਾਗ ਦੇ ਉੱਚ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਇਸ ’ਤੇ ਅਧਿਕਾਰੀ ਨੇ ਕਿਸਾਨਾਂ ਨੂੰ ਰਜਵਾਹੇ ’ਚ ਬੁੱਧਵਾਰ ਤੱਕ ਪਾਣੀ ਪਹੁੰਚਾਉਣ ਦਾ ਭਰੋਸਾ ਦਿੱਤਾ।
ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਸਿੰਬਲੀ, ਗੋਧਾਂ-ਵਜੀਰਾਂ, ਸੰਧਵਾਲ, ਸਿੱਬੋ ਚੱਕ, ਮਰੂਲ਼ਾ, ਕਲੇਰਾਂ, ਸਰਿਆਣਾ ਆਦਿ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਪਿਛਲੇ ਕਰੀਬ ਡੇਢ ਸਾਲ ਤੋਂ ਹਾਜੀਪੁਰ ਡਿਸਟ੍ਰੀਬਿਊਟਰੀ ਤੇ ਨੌਸ਼ਹਿਰਾ ਸਿੰਬਲੀ ਹੈੱਡ ਨਹਿਰ ਵਿੱਚ ਪਾਣੀ ਨਾ ਆਉਣ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਦੇ ਬੈਨਰ ਹੇਠ ਪੰਜਾਬ ਸਰਕਾਰ ਤੇ ਸ਼ਾਹ ਨਹਿਰ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਵਿੱਪਨ ਠਾਕੁਰ, ਤਰਸੇਮ ਸਿੰਘ, ਬਿਹਾਰੀ ਲਾਲ, ਬਲਵੀਰ ਕੁਮਾਰ ਵਜੀਰਾਂ, ਛੱਜੂ ਰਾਮ, ਅਸ਼ੋਕ ਕੁਮਾਰ ਨੇ ਦੱਸਿਆ ਕਿ ਰਜਵਾਹੇ ਵਿੱਚ ਪਾਣੀ ਨਾ ਆਉਣ ਕਾਰਨ ਤਿੰਨ ਹਜ਼ਾਰ ਕਿੱਲੇ ਦੇ ਕਰੀਬ ਜ਼ਮੀਨ ਪ੍ਰਭਾਵਿਤ ਹੋਈ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜੀਪੁਰ ਦੇ ਆਗੂ ਧਰਮਿੰਦਰ ਸਿੰਘ ਤੇ ਜਮਹੂਰੀ ਕਿਸਾਨ ਸਭਾ ਹਾਜੀਪੁਰ ਦਾ ਵਫ਼ਦ ਰਜਵਾਹਿਆਂ ਵਿੱਚ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਸ਼ਾਹ ਨਹਿਰ ਵਿਭਾਗ ਦੇ ਐਕਸੀਅਨ ਹਰਪਾਲ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਐਕਸੀਅਨ ਹਰਪਾਲ ਸਿੰਘ ਨੇ ਵਫ਼ਦ ਮੈਂਬਰਾਂ ਨੂੰ 48 ਘੰਟਿਆਂ ਦੇ ਅੰਦਰ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।