ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨਾ ਲਾਉਣ ਖ਼ਿਲਾਫ਼ ਰੋਸ ਭਖਿਆ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 20 ਨਵੰਬਰ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਲਾਕ ਕਾਹਨੂੰਵਾਨ ਦੇ ਪਿੰਡ ਘੋੜੇਵਾਹ ਵਿੱਚ ਮਨਰੇਗਾ ਤਹਿਤ ਕੰਮ ਕਰਦੇ ਮਜ਼ਦੂਰਾਂ ਦੀ ਆਨਲਾਈਨ ਹਾਜ਼ਰੀ ਨਾ ਲੱਗਣ ਉੱਤੇ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਲਾਲ ਮਸੀਹ ਘੋੜੇਵਾਹ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਮਨਰੇਗਾ ਲਾਭਪਾਤਰੀਆਂ ਦੀਆਂ ਹਾਜ਼ਰੀਆਂ ਆਨਲਾਈਨ ਨਹੀਂ ਲੱਗ ਰਹੀਆਂ ਜਦੋਂਕਿ ਉਨ੍ਹਾਂ ਨੂੰ ਕੰਮ ਕਰਦਿਆਂ 18 ਦਿਨ ਹੋ ਗਏ ਹਨ।
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਆਪ’ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਝੂਠੀਆਂ ਗਾਰੰਟੀਆਂ ਦੇਣ ਵਾਲੀ ਬਣ ਕੇ ਰਹਿ ਗਈ ਹੈ। ਬਲਾਕ ਕਾਹਨੂੰਵਾਨ ਦੇ ਪਿੰਡ ਬਗੋਲ ਅਤੇ ਹੰਬੋਵਾਲ ਵਿੱਚ 2023 ਦਾ ਪੂਰਾ ਸਾਲ ਖ਼ਤਮ ਹੋਣ ਵਿੱਚ ਇੱਕ ਮਹੀਨਾ ਰਹਿ ਗਿਆ, ਪਰ ਅੱਜ ਤੱਕ ਮਨਰੇਗਾ ਸਕੀਮ ਤਹਿਤ ਪਿੰਡ ਵਿੱਚ ਇੱਕ ਦਿਨ ਵੀ ਕੰਮ ਨਹੀਂ ਦਿੱਤਾ ਗਿਆ। ਬਲਾਕ ਕਾਹਨੂੰਵਾਨ ਦੇ ਬਹੁਤ ਸਾਰੇ ਪਿੰਡ ਵਿੱਚ ਅਮੀਰ ਅਤੇ ਅਸਰ ਰਸੂਖ਼ ਲੋਕਾਂ ਦੇ ਜੌਬ ਕਾਰਡ ਬਣਾਏ ਗਏ ਹਨ, ਜਿਨ੍ਹਾਂ ਦਾ ਮਜ਼ਦੂਰੀ ਦੇ ਕੰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਨੇੜਲੇ ਪਿੰਡ ਤੁਗਲਵਾਲ ਅਤੇ ਹੰਬੋਵਾਲ ਵਿੱਚ ਵੀ ਮਨਰੇਗਾ ਸਕੀਮ ਤਹਿਤ ਮਜ਼ਦੂਰ ਔਰਤਾਂ ਨੇ ਕੰਮ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਮੇਜਰ ਸਿੰਘ ਨੇ ਕਿਹਾ ਕਿ ਜੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਬੀਡੀਪੀਓ ਦਫ਼ਤਰ ਕਾਹਨੂੰਵਾਨ ਖ਼ਿਲਾਫ਼ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਸਬੰਧੀ ਪੱਖ ਜਾਣਨ ਲਈ ਜਦੋਂ ਬੀਡੀਪੀਓ ਕਾਹਨੂੰਵਾਨ ਨਾਲ ਗੱਲ ਕਰਨ ਚਾਹੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਬਿ ਨਹੀਂ ਸਮਝਿਆ।