ਭਾਕਿਯੂ (ਕ੍ਰਾਂਤੀਕਾਰੀ) ਵੱਲੋਂ ਐੱਨਆਈਏ ਦੀ ਛਾਪਿਆਂ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਅਤੇ ਦੋ ਵਕੀਲਾਂ ਅਜੈ ਕੁਮਾਰ, ਮਨਦੀਪ ਸਿੰਘ ਅਤੇ ਪੰਕਜ ਤਿਆਗੀ ਦੇ ਘਰਾਂ ’ਤੇ ਐੱਨਆਈਏ ਵੱਲੋਂ ਮਾਰੇ ਛਾਪਿਆਂ ਖ਼ਿਲਾਫ਼ ਜਥੇਬੰਦੀ ਵੱਲੋਂ ਰਾਮਪੁਰਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਦੇਸ਼ ਅੰਦਰ ਮੋਦੀ ਹਕੂਮਤ ਹਰ ਵਿਰੋਧੀ ਆਵਾਜ਼ ਨੂੰ ਦਬਾਉਣਾ ਲੋਚਦੀ ਹੈ। ਯੂਨੀਅਨ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਅੱਜ ਜਦੋਂ ਕਿਸਾਨੀ ਸੰਘਰਸ਼ ਹਕੂਮਤ ਦੀਆਂ ਜੜ੍ਹਾਂ ’ਚ ਬਹਿ ਰਿਹਾ ਹੈ ਤਾਂ ਸਾਨੂੰ ਮਾਣ ਹੈ ਕਿ ਹਕੂਮਤਾਂ ਸਾਡੀ ਜਥੇਬੰਦੀ ਅਤੇ ਇਸ ਦੇ ਆਗੂਆਂ ਤੋਂ ਤ੍ਰਹਿਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸੁਖਵਿੰਦਰ ਕੌਰ ਦੇ ਘਰ ਐੱਨਆਈਏ ਦਾ ਛਾਪਾ ਮੋਦੀ ਹਕੂਮਤ ਦੇ ਡਰ ਦੀ ਮਿਸਾਲ ਹੈ, ਇਸ ਦਾ ਢੁੱਕਵਾਂ ਜੁਆਬ ਦਿੱਤਾ ਜਾਵੇਗਾ। ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਮਲਹੋਤਰਾ ਨੇ ਕਿਹਾ ਕਿ ਹਕੂਮਤਾਂ ਹੀ ਲੋਕਾਂ ਨੂੰ ਬਗਾਵਤ ਲਈ ਮਜਬੂਰ ਕਰਦੀਆਂ ਹਨ। ਸੂਬਾ ਜਨਰਲ ਸਕੱਤਰ ਸਖਵਿੰਦਰ ਕੌਰ ਨੇ ਉਹ ਲੋਕ ਹਿਤਾਂ ਲਈ ਲੜਨ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਇਸ ਵੱਲੋਂ ਸਿਰਜੇ ਇਤਿਹਾਸ ਦੀ ਹਰ ਪੱਧਰ ’ਤੇ ਜਾ ਕੇ ਰਾਖੀ ਕਰੇਗੀ। ਇਸ ਦੌਰਾਨ ਰਾਮਪੁਰਾ ਦੀ ਦਾਣਾ ਮੰਡੀ ਤੋਂ ਕਿਸਾਨਾਂ ਦਾ ਇੱਕ ਵਿਸ਼ਾਲ ਮਾਰਚ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਵੱਲ ਵਧਿਆ ਤਾਂ ਪੁਲੀਸ ਵੱਲੋਂ ਰੋਕ ਲਿਆ ਗਿਆ। ਉੱਧਰ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ’ਚ ਕਿਸਾਨਾਂ ਨੇ ਰਾਮਪੁਰਾ ਪਿੰਡ ਦੇ ਗੇਟ ਵਾਲੀ ਤਿੰਨਕੋਨੀ ਉੱਪਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ, ਜਿਸ ਮਗਰੋਂ ਪੁਲੀਸ ਨੇ ਜਾਮ ਲੱਗਦਾ ਵੇਖ ਕੇ ਪਿੱਛੇ ਹਟਣਾ ਮੁਨਾਸਿਬ ਸਮਝਿਆ। ਰੈਲੀ ਨੂੰ ਗੁਰਦੀਪ ਸਿੰਘ ਬਠਿੰਡਾ, ਪ੍ਰਸ਼ੋਤਮ ਮਹਿਰਾਜ, ਦਰਸ਼ਨ ਸਿੰਘ ਬਾਜਾਖਾਨਾ, ਰਣਜੀਤ ਸਿੰਘ ਸਵਾਜਪੁਰ, ਰਾਜੇਸ਼ ਮਲਹੋਤਰਾ ਤੇ ਸਤਵੰਤ ਸਿੰਘ ਵਜੀਦਪੁਰ ਨੇ ਸੰਬੋਧਨ ਕੀਤਾ।