ਕਿਰਨ ਖੇਰ ਖ਼ਿਲਾਫ਼ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੁਲਾਈ
ਪੰਜਾਬ ਯੁਨੀਵਰਸਿਟੀ ਵਿਦਿਆਰਥੀ ਜਥੇਬੰਦੀ ਐਨਐੱਸਯੂਆਈ ਨੇ ਅੱਜ ਸੈਕਟਰ-17 ਸਥਿਤ ਮਟਕਾ ਚੌਕ ’ਤੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਫੋਟੋ ਵਾਲੇ ਪੋਸਟਰ ਫੜੇ ਹੋਏ ਸਨ ਜਨਿ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ‘ਲਾਪਤਾ’ ਸੰਸਦ ਮੈਂਬਰ ਨੂੰ ਲੱਭਣ ਵਾਲੇ ਨੂੰ 2100 ਰੁਪਏ ਇਨਾਮ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਖੇਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਐਨਐਸਯੂਆਈ ਦੇ ਸੋਸ਼ਲ ਮੀਡੀਆ ਵਿੰਗ ਦੇ ਰਾਸ਼ਟਰੀ ਚੇਅਰਮੈਨ ਮਨੋਜ ਲੁਬਾਣਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦਾ ਦੌਰ ਵਿੱਚ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਸ਼ਹਿਰ ਵਿੱਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਪਤਾ ਦੀ ਘੜੀ ਵਿੱਚ ਤਾਂ ਮੈਂਬਰ ਪਾਰਲੀਮੈਂਟ ਨੂੰ ਲੋਕਾਂ ਵਿੱਚ ਵਿਚਰ ਕੇ ਊਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਉਹ ਤਾਂ ਲਗਾਤਾਰ ਗਾਇਬ ਚੱਲ ਰਹੇ ਹਨ।
ਜਥੇਬੰਦੀ ਦੇ ਆਗੂ ਸੁਖਜੀਤ ਸੁੱਖੀ ਨੇ ਕਿਹਾ ਕਿ ਕਿਰਨ ਖੇਰ ਜੇਕਰ ਸ਼ਹਿਰ ਦੇ ਲੋਕਾਂ ਦਾ ਮੁਸੀਬਤ ਵਿੱਚ ਸਾਥ ਨਹੀਂ ਦੇ ਸਕਦੀ ਤਾਂ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਵਜੋਂ ਚੋਣ ਹੀ ਨਹੀਂ ਲੜਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਿਰਨ ਖੇਰ ਲੋਕਾਂ ਦੀ ਮੱਦਦ ਕਰੇ ਜਾਂ ਫਿਰ ਅਸਤੀਫ਼ਾ ਦੇਵੇ।
ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ
ਪੁਲੀਸ ਸਟੇਸ਼ਨ ਸੈਕਟਰ-3 ਦੇ ਮੁਖੀ ਸ਼ੇਰ ਸਿੰਘ ਮੌਕੇ ’ਤੇ ਪਹੁੰਚੇ ਜਨਿ੍ਹਾਂ ਨੇ ਵਿਦਿਆਰਥੀ ਆਗੂ ਸੁਖਜੀਤ ਸੁੱਖੀ, ਤਰਲੋਚਨ ਸਿੰਘ, ਰਾਜਕਰਨ ਬੈਦਵਾਨ, ਗੁਰਪ੍ਰੀਤ, ਸੁਖਵਿੰਦਰ ਅਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕਾਊਂਸਲ ਦੇ ਉਪ-ਪ੍ਰਧਾਨ ਰਾਹੁਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਵਿਦਿਆਰਥੀਆਂ ਨੂੰ ਕਈ ਘੰਟੇ ਥਾਣੇ ਵਿੱਚ ਬਿਠਾਊਣ ਮਗਰੋਂ ਛੱਡਿਆ ਗਿਆ।