ਬਠਿੰਡਾ ’ਚ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਖ਼ਿਲਾਫ਼ ਮੁਜ਼ਾਹਰਾ
ਸ਼ਗਨ ਕਟਾਰੀਆ
ਬਠਿੰਡਾ, 17 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇੱਥੇ ਮਿੱਤਲ ਮਾਲ ਵਿਚਲੇ ਸਿਨੇਮਾ ਘਰ ਦੇ ਸਾਹਮਣੇ ਫ਼ਿਲਮੀ ਅਦਾਕਾਰਾ ਕੰਗਣਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੀ ਮੁਖ਼ਾਲਫ਼ਤ ਕਰਦਿਆਂ ਨਾਅਰੇਬਾਜ਼ੀ ਕੀਤੀ। ਵਿਖਾਵਾਕਾਰੀਆਂ ਦਾ ਦੋਸ਼ ਸੀ ਕਿ ਇਸ ਫ਼ਿਲਮ ਵਿੱਚ ਸਿੱਖ ਭਾਈਚਾਰੇ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ।
ਵਿਰੋਧ ਨੂੰ ਦੇਖਦਿਆਂ ਉਕਤ ਸਿਨੇਮਾ ਸਮੇਤ ਹੋਰਨਾਂ ਸਿਨਮਾ ਘਰਾਂ ਵਿੱਚ ਵੀ ਫ਼ਿਲਮ ਦਾ ਪ੍ਰਦਰਸ਼ਨ ਮਨਸੂਖ਼ ਕਰ ਦਿੱਤਾ ਗਿਆ। ਸਿਨੇਮਾ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਕੀਤੀ ਗਈ ਟਿਕਟਾਂ ਦੀ ਆਨਲਾਈਨ ਬੁਕਿੰਗ ਵੀ ਰੱਦ ਕਰ ਦਿੱਤੀ ਗਈ ਹੈ।
ਪ੍ਰਦਰਸ਼ਨ ਦੀ ਸਥਿਤੀ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ’ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ। ਸਿਨੇਮਾ ਪ੍ਰਬੰਧਕਾਂ ਨੇ ਵਿਖਾਵਾਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਕਿਸੇ ਹਾਲਤ ’ਚ ਫ਼ਿਲਮ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।
ਪਤਾ ਲੱਗਾ ਹੈ ਕਿ ਫ਼ਿਲਮ ‘ਐਮਰਜੈਂਸੀ’ ਜਿੱਥੇ ਅੱਜ ਮੁਲਕ ਭਰ ਵਿੱਚ ਰਿਲੀਜ਼ ਹੋਈ, ਉੱਥੇ ਸਿੱਖ ਸੰਗਠਨਾਂ ਦੇ ਵਿਰੋਧ ਕਾਰਨ ਪੰਜਾਬ ਵਿੱਚ ਇਹ ਫ਼ਿਲਮ ਕਿਸੇ ਵੀ ਸਿਨੇਮਾ ਘਰ ਵਿੱਚ ਰਿਲੀਜ਼ ਨਹੀਂ ਹੋ ਸਕੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ, ਮੁਕਾਮੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਠਨਾਂ ਦੇ ਪ੍ਰਤੀਨਿਧਾਂ ਦੇ ਇੱਕ ਸਾਂਝੇ ਵਫ਼ਦ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਪੱਤਰ ਸੌਂਪ ਕੇ ਸਰਕਾਰ ਤੋਂ ਫ਼ਿਲਮ ’ਤੇ ਪਾਬੰਦੀ ਦੀ ਮੰਗ ਕੀਤੀ ਹੈ। ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ ਨੇ ਕਿਹਾ ਕਿ ਇਹ ਫ਼ਿਲਮ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕਰਦੀ ਹੈ।
ਵਫ਼ਦ ’ਚ ਸ੍ਰੀ ਕਿੰਗਰਾ ਤੋਂ ਇਲਾਵਾ ਐਸਜੀਪੀਸੀ ਮੈਂਬਰ ਬੀਬੀ ਜੋਗਿੰਦਰ ਕੌਰ ਤੇ ਮੇਜਰ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬੰਗੀ, ਹਰਭਗਵਾਨ ਸਿੰਘ ਭੁੱਲਰ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਸੁਖਜੀਤ ਸਿੰਘ ਆਦਿ ਸ਼ਾਮਿਲ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ੍ਰੀ ਦਰਬਾਰ ਸਾਹਿਬ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਮੰਗ ਭੇਜ ਕੇ ਮੰਗ ਕੀਤੀ ਕਿ ਕੰਗਨਾ ਰਣੌਤ ਵੱਲੋਂ ਬਣਾਈ ਫਿਲਮ ‘ਐਮਰਜੈਂਸੀ’ ਨੂੰ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਸਿਨੇਮਿਆਂ ’ਚ ਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਵਫ਼ਦ ਵਿੱਚ ਸ਼ਾਮਲ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ, ਵਧੀਕ ਮੈੈਨੇਜਰ ਨਿਰਮਲਜੀਤ ਸਿਘ, ਮੀਤ ਮੈਨੇਜਰ ਸੁਖਦੇਵ ਸਿੰਘ, ਲੇਖਾਕਾਰ ਕੁਲਵੰਤ ਸਿੰਘ, ਇੰਚਾਰਜ ਭੁਪਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਵਿਗਾੜਿਆ ਗਿਆ ਹੈ। ਫਿਲਮ ਚਲਾਉਣ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੇਗੀ। ਇਸ ਲਈ ਇਹ ਫਿਲਮ ਸਿਨੇਮਿਆਂ ’ਚ ਲਾਉਣ ਤੋਂ ਰੋਕੀ ਜਾਵੇ।
ਮੁਕਤਸਰ ’ਚ ਲੋਕਾਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ੍ਰੀ ਦਰਬਾਰ ਸਾਹਿਬ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਮੰਗ ਭੇਜ ਕੇ ਮੰਗ ਕੀਤੀ ਕਿ ਕੰਗਨਾ ਰਣੌਤ ਵੱਲੋਂ ਬਣਾਈ ਫਿਲਮ ‘ਐਮਰਜੈਂਸੀ’ ਨੂੰ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਸਿਨੇਮਿਆਂ ’ਚ ਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਵਫ਼ਦ ਵਿੱਚ ਸ਼ਾਮਲ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ, ਵਧੀਕ ਮੈੈਨੇਜਰ ਨਿਰਮਲਜੀਤ ਸਿਘ, ਮੀਤ ਮੈਨੇਜਰ ਸੁਖਦੇਵ ਸਿੰਘ, ਲੇਖਾਕਾਰ ਕੁਲਵੰਤ ਸਿੰਘ, ਇੰਚਾਰਜ ਭੁਪਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਵਿਗਾੜਿਆ ਗਿਆ ਹੈ। ਫਿਲਮ ਚਲਾਉਣ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੇਗੀ। ਇਸ ਲਈ ਇਹ ਫਿਲਮ ਸਿਨੇਮਿਆਂ ’ਚ ਲਾਉਣ ਤੋਂ ਰੋਕੀ ਜਾਵੇ। ਰਾਜਪਾਲ ਸਿਨੇਮਾ ਦੇ ਮਾਲਕ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਸਮੂਹ ਸਿਨੇਮਾ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਸਿਨੇਮਿਆਂ ’ਚ ਨਾ ਚਲਾਉਣ ਕਿਉਂਕਿ ਇਸ ਫਿਲਮ ਰਾਹੀਂ ਕੰਗਨਾ ਰਣੌਤ ਨੇ ਸਿੱਖ ਕੌਮ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਦੌਰਾਨ ਸਾਡੀਆਂ ਮਾਵਾਂ, ਭੈਣਾਂ ਲਈ ਭੱਦੀ ਸ਼ਬਦਾਵਲੀ ਵਰਤੀ ਸੀ ਤੇ ਹੁਣ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਨ ’ਤੇ ਤੁਲੀ ਹੈ। ਇਸ ਲਈ ਇਸ ਫਿਲਮ ਨੂੰ ਆਪਣੇ ਸਿਨੇਮਾ ਘਰਾਂ ’ਚ ਨਹੀਂ ਲੱਗਣ ਦੇਣਾ ਜਦੋਂ ਤੱਕ ਕੰਗਨਾ ਰਣੌਤ ਖਨੌਰੀ ਬਾਰਡਰ ’ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਜਗਜੀਤ ਸਿੰਘ ਡੱਲੇਵਾਲ, ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਸਮੁੱਚੇ ਗੁਰਧਾਮਾਂ ’ਚ ਨਤਮਸਤਕ ਹੋ ਕੇ ਮਾਫੀ ਨਹੀਂ ਮੰਗ ਲੈਂਦੀ।