ਸਮਾਰਟ ਮੀਟਰ ਲਾਉਣ ਖ਼ਿਲਾਫ਼ ਰੋਸ ਵਧਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 24 ਜੁਲਾਈ
ਬਿਜਲੀ ਬੋਰਡ ਵੱਲੋਂ ਲਾਏ ਜਾ ਰਹੇ ਸਮਾਰਟ ਮੀਟਰਾਂ ਦਾ ਵਿਰੋਧ ਜਾਰੀ ਰਹੇਗਾ ਅਤੇ ਇਹ ਮੀਟਰ ਕਿਸੇ ਵੀ ਕੀਮਤ ਉੱਪਰ ਨਹੀਂ ਲਾਉਣ ਦਿੱਤੇ ਜਾਣਗੇ। ਇਹ ਐਲਾਨ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲਹਿਲ ਕਲਾਂ ਨੇ ਇੱਥੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਘਰ ਦਾ ਪਹਿਲਾਂ ਵਾਲਾ ਮੀਟਰ ਸੜ ਜਾਂਦਾ ਹੈ ਤਾਂ ਉਸ ਨੂੰ ਧੱਕੇ ਨਾਲ ਸਮਾਰਟ ਮੀਟਰ ਲਾਉਣ ਲਈ ਕਿਹਾ ਜਾਂਦਾ ਹੈ, ਨਹੀਂ ਫਿਰ ਭਾਰੀ ਭਰਕਮ ਬਿਲ ਭੇਜ ਦਿੱਤਾ ਜਾਂਦਾ ਹੈ ਜਿਸ ਦਾ ਪੰਜਾਬ ਕਿਸਾਨ ਯੂਨੀਅਨ ਡੱਟਵਾਂ ਵਿਰੋਧ ਕਰਦੀ ਹੈ। ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਨਹੀਂ ਕੀਤੀ ਜਾ ਰਹੀ, ਸਗੋਂ ਮਦਦ ਕਰਨ ਵਾਲੀਆਂ ਜਥੇਬੰਦੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਅਫਸਰਾਂ ਜਾਂ ਅਧਿਕਾਰੀਆਂ ਬਾਰੇ ਦੱਸਿਆ ਜਾਵੇ ਜੋ ਤੰਗ ਕਰ ਰਹੇ ਹਨ ਤੇ ਉਨ੍ਹਾਂ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਪੀੜਤ ਕਿਸਾਨਾਂ, ਮਜ਼ਦੂਰਾਂ ਅਤੇ ਇੰਡਸਟਰੀ ਮਾਲਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਸਮੇਂ ਪ੍ਰਧਾਨ ਨੇ ਯੂਨੀਅਨ ਦੇ ਵਰਕਰਾਂ ਅਤੇ ਆਗੂਆਂ ਨੂੰ ਹੜ੍ਹ ਪੀੜਤਾਂ ਦੀ ਖੁੱਲ੍ਹ ਕੇ ਮੱਦਦ ਕਰਨ ਲਈ ਵੀ ਕਿਹਾ। ਇਸ ਮੌਕੇ ਜਸਵਿੰਦਰ ਸਿੰਘ ਚੋਟੀਆਂ, ਹਰਪਾਲ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।