ਤੇਲ ਤੇ ਬਿਜਲੀ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਬਠਿੰਡਾ, 11 ਸਤੰਬਰ
ਸੂਬੇ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਅਤੇ ਬਿਜਲੀ ਸਬਸਿਡੀ ਖ਼ਤਮ ਕਰਨ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਦੇਣ ਮੌਕੇ ਭੋਲਾ ਸਿੰਘ ਗਿੱਲ ਪੱਤੀ, ਸਰਬਜੀਤ ਸਿੰਘ ਡੂਮਵਾਲੀ ਨੇ ਬੀਤੇ ਦਿਨੀਂ ਪੈਟਰੋਲ ਉੱਤੇ 62 ਪੈਸੇ ਅਤੇ ਡੀਜ਼ਲ ’ਤੇ 92 ਪੈਸੇ ਅਤੇ ਬਿਜਲੀ ’ਤੇ 7 ਕਿੱਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਦਾ ਤੱਕ ਮਿਲਦੀ ਸਬਸਿਡੀ ਨੂੰ ਖ਼ਤਮ ਕਰਨ ਦੇ ਫ਼ੈਸਲੇ ’ਤੇ ਇਤਰਾਜ਼ ਪ੍ਰਗਟ ਕੀਤਾ। ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਠੀਕ ਨਹੀਂ, ਉੱਪਰੋਂ ਅਜਿਹੇ ਫ਼ੈਸਲੇ ਲੱਕ ਤੋੜਨ ਵਾਲੇ ਹਨ। ਉਨ੍ਹਾਂ ਸਰਕਾਰ ’ਤੇ ਦੋਸ਼ ਲਗਾਏ ਕਿ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਏ ਕਿ ਪੰਜਾਬ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਨਵੇਂ ਵਿੱਤੀ ਬੋਝ ਪਾ ਕਿ ਹੋਰ ਕਰਜ਼ਾ ਲੈ ਸੂਬੇ ਨੂੰ ਕਰਜ਼ੇ ਵਿਚ ਡੋਬ ਰਹੀ ਹੈ। ਉਨ੍ਹਾਂ ਬੰਦੀ ਸਿੰਘਾਂ ਨੂੰ ਛੱਡਣ, ਨੌਜਵਾਨਾਂ ਉੱਪਰ ਐਨ ਐਸ ਏ ਹਟਾਉਣ ਦੀ ਮੰਗ ਸਮੇਤ ਪੰਜਾਬ ਵਿਚ ਨਸ਼ੇ ਨੂੰ ਠੱਲ੍ਹ ਪਾਉਣ ਦੀ ਅਪੀਲ ਕੀਤੀ।