ਬਠਿੰਡਾ ਦਾ ਗੰਦਾ ਪਾਣੀ ਚੰਦਭਾਨ ਡਰੇਨ ’ਚ ਸੁੱਟਣ ਦਾ ਵਿਰੋਧ
ਮਨੋਜ ਸ਼ਰਮਾ
ਬਠਿੰਡਾ, 8 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਆਦਰਸ਼ ਨਗਰ, ਕਰਤਾਰ ਕਲੋਨੀ ਅਤੇ ਕੇਂਦਰੀ ਜੇਲ੍ਹ ਦਾ ਗੰਦਾ ਪਾਣੀ ਚੰਦਭਾਨ ਬਰਸਾਤੀ ਨਾਲੇ ਵਿੱਚ ਸੁੱਟਣ ਲਈ ਤਿਆਰੀ ਖਿੱਚ ਲਈ ਹੈ। ਪ੍ਰਸ਼ਾਸਨ ਨੇ ਪਾਈਪ ਲਾਈਨ ਪੁੱਟਣ ਲਈ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਹੈ। ਦੂਜੇ ਪਾਸੇ ਬੀਕੇਯੂ ਸਿੱਧੂਪੁਰ ਦੇ ਇਕਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਵਿਰੋਧ ਕਰ ਰਹੇ ਪਿੰਡਾਂ ਦੇ ਦਰਜਨ ਤੋਂ ਵੱਧ ਕਿਸਾਨਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਪਿੰਡ ਅਬਲੂ ਅਤੇ ਕੋਠੇ ਲਾਲ ਸਿੰਘ ਵਾਲੇ ਦੇ ਕਿਸਾਨ ਇਸ ਸੀਵਰੇਜ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਸਨ। ਕੱਲ੍ਹ ਵਿਰੋਧ ਕਰ ਰਹੇ ਕਿਸਾਨਾਂ ਦੀ ਗਿਣਤੀ ਵੱਧ ਹੋਣ ਕਾਰਨ ਪ੍ਰਸ਼ਾਸਨ ਨੇ ਕੰਮ ਰੋਕ ਦਿੱਤਾ ਸੀ ਪਰ ਅੱਜ ਸਵੇਰੇ ਹੀ ਵੱਡੀ ਗਿਣਤੀ ਪੁਲੀਸ ਬੁਲਾ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚ ਲਖਵਿੰਦਰ ਸਿੰਘ ਲੱਖਾ, ਮਹਿੰਦਰ ਸਿੰਘ ਕੋਠੇ ਸੰਧੂਆਂ ਵਾਲੇ, ਜਗਤਾਰ ਕੋਠੇ ਸੰਧੂਆਂ, ਗਰਮੇਲ ਸਿੰਘ ਅਬਲੂ, ਸੁਖਦੀਪ ਸਿੰਘ ਅਬਲੂ, ਮਨਪ੍ਰੀਤ ਸਿੰਘ ਅਬਲੂ, ਜੱਗਾ ਸਿੰਘ, ਜਸਵੀਰ ਸਿੰਘ ਅਬਲੂ, ਮੇਵਾ ਸਿੰਘ, ਯੁੱਧਵੀਰ ਸਿੰਘ, ਜਗਜੀਤ ਸਿੰਘ ਅਤੇ ਗੁਰਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਥਾਣਾ ਨੇਹੀਆਂ ਵਾਲਾ ਪੁਲੀਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਸਮੇਂ ਇਹ ਨਾਲੇ ਵਿੱਚ ਸਾਫ਼ ਪਾਣੀ ਚਲਦਾ ਹੈ ਪਰ ਗੰਦਾ ਪਾਣੀ ਛੱਡਣ ਨਾਲ ਧਰਤੀ ਹੇਠਲਾ ਪਾਣੀ ਖਰਾਬ ਹੋ ਜਾਵੇਗਾ, ਜਿਸ ਨਾਲ ਪਿੰਡਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਖੜ੍ਹਾ ਹੋ ਜਾਵੇਗਾ । ਇਸ ਦੇ ਬਾਵਜੂਦ ਪੁਲੀਸ ਨੇ ਸਖ਼ਤ ਪ੍ਰਬੰਧਾ ਹੇਠ ਬੁੱਧਵਾਰ ਸਵੇਰੇ ਰਸਤੇ ਰੋਕ ਕੇ ਪਾਈਪ ਲਾਈਨ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ, ਪਿੰਡ ਅਬਲੂ ਦੇ ਸਰਪੰਚ ਗਗਨਦੀਪ ਸ਼ਰਮਾ, ਕੋਠੇ ਲਾਲ ਸਿੰਘ ਵਾਲੇ ਦੇ ਸਰਪੰਚ ਦਿਲਬਾਗ ਸਿੰਘ ਅਤੇ ਕਿਸਾਨ ਆਗੂ ਅਵਤਾਰ ਸਿੰਘ ਸਮੇਤ ਕਈ ਲੋਕਾਂ ਦੇ ਵਫਦ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਬਠਿੰਡਾ ਨੂੰ ਮਿਲ ਕੇ ਮੰਗ ਕੀਤੀ ਕਿ ਪਾਈਪ ਲਾਈਨ ਦਾ ਕੰਮ ਰੋਕਿਆ ਜਾਵੇ। ਪਿੰਡ ਅਬਲੂ ਦੇ ਸਰਪੰਚ ਦਾ ਕਹਿਣਾ ਹੈ ਕਿ ਸੀਵਰੇਜ ਦੇ ਗੰਦੇ ਪਾਣੀ ਕਾਰਨ ਇਲਾਕੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਸਾਰੇ ਪਿੰਡ ਵੱਲੋਂ ਧਰਨੇ ’ਤੇ ਬੈਠਣ ਲਈ ਮਜੂਬਰ ਹੋਣਾ ਪਵੇਗਾ।
ਸੋਧਣ ਤੋਂ ਬਾਅਦ ਛੱਡਿਆ ਜਾਵੇਗਾ ਪਾਣੀ: ਐੱਸਡੀਓ
ਪਾਈਪਲਾਈਨ ਸਬੰਧੀ ਸੀਵਰਰੇਜ ਵਿਭਾਗ ਦੇ ਐੱਸਡੀਓ ਸੁਰਿੰਦਰ ਸਿੰਘ ਨੇ ਦੱਸਿਆ ਕਿ 14 ਕਿਲੋਮੀਟਰ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਸਿਰਫ਼ 1.5 ਕਿਲੋਮੀਟਰ ਬਾਕੀ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਦੀ ਸਹਾਇਤਾ ਲੈਣੀ ਪਈ। ਉਨ੍ਹਾਂ ਦਾਅਵਾ ਕੀਤਾ ਕਿ ਸੀਵਰ ਦੇ ਪਾਣੀ ਨੂੰ ਟਰੀਟਮੈਂਟ ਤੋਂ ਬਾਅਦ ਹੀ ਨਾਲੇ ਵਿੱਚ ਛੱਡਿਆ ਜਾਵੇਗਾ।