For the best experience, open
https://m.punjabitribuneonline.com
on your mobile browser.
Advertisement

ਬੁਰਜ ਦੀਆਂ ਔਰਤਾਂ ਵੱਲੋਂ ਡੀਸਿਲਟਿੰਗ ਦਾ ਵਿਰੋਧ

09:06 AM Jul 07, 2024 IST
ਬੁਰਜ ਦੀਆਂ ਔਰਤਾਂ ਵੱਲੋਂ ਡੀਸਿਲਟਿੰਗ ਦਾ ਵਿਰੋਧ
ਡੀ-ਸਿਲਟਿੰਗ ਦਾ ਵਿਰੋਧ ਕਰ ਰਹੀਆਂ ਪਿੰਡ ਬੁਰਜ ਦੀਆਂ ਔਰਤਾਂ।
Advertisement

ਜਗਮੋਹਨ ਸਿੰਘ
ਰੂਪਨਗਰ, 6 ਜੁਲਾਈ
ਰੂਪਨਗਰ ਜ਼ਿਲ੍ਹੇ ਦੇ ਪਿੰਡ ਬੰਨ੍ਹਮਾਜਰਾ ਤੋਂ ਦੁਲਚੀਮਾਜਰਾ ਤੱਕ ਨਹਿਰ ਦੀ ਡੀ-ਸਿਲਟਿੰਗ ਦਾ ਵਿਰੋਧ ਕਰਨ ਵਾਲਿਆਂ ਨੇ ਜਿੱਥੇ ਇਸ ਨੂੰ ਰੋਕਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ, ਉੱਥੇ ਹੁਣ ਜ਼ਿਲ੍ਹੇ ਦੀ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਅੰਦਰ ਸਤਲੁਜ ਦਰਿਆ ਦੇ ਕੰਢੇ ’ਤੇ ਵਸਦੇ ਪਿੰਡ ਬੁਰਜ ਵਾਸੀਆਂ ਨੇ ਵੀ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਬੁਰਜ ਵਿਖੇ ਵਿਰੋਧ ਕਰਨ ਵਾ‌ਲਿਆਂ ਵਿੱਚੋਂ ਜ਼ਿਆਦਾ ਗਿਣਤੀ ਔਰਤਾਂ ਦੀ ਹੈ। ਬੁਰਜ ਦੇ ਲੋਕਾਂ ਵੱਲੋਂ ਮੌਨਸੂਨ ਸੀਜ਼ਨ ਦੌਰਾਨ ਕੀਤੀ ਜਾ ਰਹੀ ਡੀ-ਸਿਲਟਿੰਗ ਨੂੰ ਗ਼ੈਰਕਾਨੂੰਨੀ ਦੱਸਦਿਆਂ ਵਿਰੋਧ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਨੇ ਔਰਤਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ‘ਐਕਸ’ ’ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ’ਤੇ ਪਾਬੰਦੀ ਲਗਾਈ ਜਾਂਦੀ ਹੈ, ਪਰ ‘ਆਪ’ ਸਰਕਾਰ ਦੇ ਹੁੰਦਿਆਂ ਗ਼ੈਰ-ਕਾਨੂੰਨੀ ਖਣਨ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਲਗਰਾਂ ਦਾ ਪੁਲ ਪਹਿਲਾਂ ਹੀ ਮਾਇਨਿੰਗ ਦੀ ਭੇਟ ਚੜ੍ਹ ਚੁੱਕਿਆ ਹੈ ਅਤੇ ਹੁਣ ਸੰਤ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਬਣਾਏ ਪੁਲ ਦੇ ਆਸ-ਪਾਸ ਵੀ ਮਾਇਨਿੰਗ ਹੋਣ ਲੱਗ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ‌ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਪਿੰਡ ਬੁਰਜ ਦੀਆਂ ਭੈਣਾਂ ਨਾਲ ਖੜ੍ਹਨਗੇ ਅਤੇ ਨਾਜਾਇਜ਼ ਮਾਈਨਿੰਗ ਹਰ ਹੀਲੇ ਰੁਕਵਾਉਣਗੇ। ਉੱਧਰ ਬੰਨ੍ਹਮਾਜਰਾ ਤੋਂ ਦੁਲਚੀਮਾਜਰਾ ਦੀ ਡੀ-ਸਿਲਟਿੰਗ ਦੇ ਮਸਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਲਈ 9 ਜੁਲਾਈ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement