ਅੰਬੇਡਕਰ ਬਾਰੇ ਅਪਮਾਨਜਨਕ ਟਿੱਪਣੀਆਂ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 30 ਦਸੰਬਰ
ਇੱਥੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜ਼ਿਲ੍ਹਾ ਸਕੱਤਰ ਪਿਆਰੇ ਲਾਲ ਤੰਵਰ ਅਤੇ ਐਡਵੋਕੇਟ ਧਰਮਪਾਲ ਚੌਹਾਨ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਗੇਟ ਜਗਾਧਰੀ ਵਿਚ ਭਾਜਪਾ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 18 ਦਸੰਬਰ ਨੂੰ ਰਾਜ ਸਭਾ ’ਚ ਸੰਵਿਧਾਨ ਦੀ 75ਵੀਂ ਵਰ੍ਹੇਗੰਢ ’ਤੇ ਹੋਈ ਬਹਿਸ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਦਕਰ ਬਾਰੇ ਅਪਮਾਨਜਨਕ ਟਿੱਪਣੀਆਂ ਕਰਕੇ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਵਿੱਚ ਹਰ ਭਾਰਤੀ ਨਾਗਰਿਕ ਨੂੰ ਲਿੰਗ, ਜਾਤ, ਧਰਮ ਆਦਿ ਦੇ ਭੇਦਭਾਵ ਤੋਂ ਬਿਨਾਂ ਬਰਾਬਰੀ ਦਾ ਅਧਿਕਾਰ ਦਿੱਤਾ ਹੈ। ਦਲਿਤ ਔਰਤਾਂ ਨੂੰ ਉਹ ਅਧਿਕਾਰ ਵੀ ਦਿੱਤੇ ਗਏ ਹਨ ਜਿਨ੍ਹਾਂ ਨੂੰ ਮਨੂੰ ਸਮ੍ਰਿਤੀ ਨੇ ਨਕਾਰ ਦਿੱਤਾ ਸੀ। ਇਸ ਸੰਵਿਧਾਨ ਦੇ ਦਰਸਾਏ ਮਾਰਗ ’ਤੇ ਚੱਲ ਕੇ ਅਤੇ ਲਗਾਤਾਰ ਸੰਘਰਸ਼ ਕਰਕੇ ਦਲਿਤਾਂ, ਔਰਤਾਂ ਅਤੇ ਦੱਬੇ-ਕੁਚਲੇ ਵਰਗਾਂ ਨੇ ਇੱਕ ਮਨੁੱਖ ਅਤੇ ਨਾਗਰਿਕ ਵਜੋਂ ਆਪਣੀ ਪਛਾਣ ਬਣਾਈ ਹੈ । ਅਮਿਤ ਸ਼ਾਹ ਦੀ ਮੂਲ ਸੰਸਥਾ ਆਰਐੱਸਐੱਸ ਨੇ ਸੰਵਿਧਾਨ ਬਣਾਉਣ ਸਮੇਂ ਵੀ ਇਸ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਹੁਣ ਵੀ ਇਹ ਸੰਵਿਧਾਨ ਅਤੇ ਸੰਵਿਧਾਨਕ ਅਧਿਕਾਰਾਂ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਉਹ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਮਨੂ ਸਮ੍ਰਿਤੀ ਆਧਾਰਿਤ ਸ਼ਾਸਨ ਚਲਾਉਣਾ ਚਾਹੁੰਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਐਡਵੋਕੇਟ ਅਰੁਣ ਕੁਮਾਰ, ਜਰਨੈਲ ਸਿੰਘ ਸਾਂਗਵਾਨ, ਅਜਮੇਰ ਸਿੰਘ ਸੰਧੂ, ਗੁਰਭਜਨ ਸਿੰਘ ਮਝੈਲ, ਜੋਤ ਸਿੰਘ, ਮਹੀਪਾਲ ਚਮਰੋੜੀ, ਵਿਨੋਦ ਕੁਮਾਰ ਤਿਆਗੀ, ਸੋਮਨਾਥ, ਰਾਮਕਰਨ ਸ਼ਰਮਾ ਆਦਿ ਮੌਜੂਦ ਸਨ।