ਪਟਿਆਲਾ-ਸਰਹਿੰਦ ਰੋਡ ਤੋਂ ਰੁੱਖਾਂ ਦੀ ਕਟਾਈ ਖ਼ਿਲਾਫ ਮੁਜ਼ਾਹਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਗਸਤ
ਪਟਿਆਲਾ ਤੋਂ ਸਰਹਿੰਦ ਰੋਡ ’ਤੇ ਚਹੁੰਮਾਰਗੀ ਸੜਕ ਬਣਾਉਣ ਕਰਕੇ ਕੱਟੇ ਜਾ ਰਹੇ ਰੁੱਖਾਂ ਵਿਰੁੱਧ ਅੱਜ ਲੱਖਾ ਸਿਧਾਣਾ ਦੀ ਅਗਵਾਈ ਵਿਚ ਪਟਿਆਲਾ ਤੋਂ ਸਰਹਿੰਦ ਰੋਡ ’ਤੇ ਪ੍ਰਦਰਸ਼ਨ ਕੀਤਾ ਗਿਆ ਤੇ ਮੁਜ਼ਾਹਰਾਕਾਰੀਆਂ ਨੇ ਵੱਡਾ ਪ੍ਰਦਰਸ਼ਨ 6 ਅਗਸਤ ਨੂੰ 11 ਵਜੇ ਕਰਨ ਦਾ ਐਲਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਸਰਹਿੰਦ-ਪਟਿਆਲਾ ਸੜਕ ਦੇ 22 ਕਿੱਲੋਮੀਟਰ ਦੇ ਹਿੱਸੇ ਨੂੰ ਚਹੁੰ-ਮਾਰਗੀ ਕਰਨ ਦੇ ਹਿੱਸੇ ਵਜੋਂ 7,392 ਪੂਰੀ ਤਰ੍ਹਾਂ ਵੱਡੇ ਦਰੱਖਤਾਂ ਅਤੇ ਲਗਪਗ 20,000 ਦਰਮਿਆਨੇ ਆਕਾਰ ਦੇ ਦਰੱਖਤਾਂ ਨੂੰ ਕੱਟਣ ਦੀ ਯੋਜਨਾ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਕਪਿਲ ਅਰੋੜਾ, ਜਸਕੀਰਤ ਸਿੰਘ ਅਤੇ ਆਧਾਰਿਤ ਪਬਲਿਕ ਐਕਸ਼ਨ ਕਮੇਟੀ ਤੇ ਹੋਰਨਾਂ ਵੱਲੋਂ ਮਾਮਲਾ ਉਠਾਏ ਜਾਣ ਤੋਂ ਬਾਅਦ ਮੁੱਖ ਸਕੱਤਰ, ਜੰਗਲਾਤ ਦੇ ਪੀਸੀਸੀਐਫ, ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਜੰਗਲਾਤ ਅਫ਼ਸਰ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤੇ ਗਏ ਹਨ। ਅੱਜ ਇੱਥੇ ਪ੍ਰਦਰਸ਼ਨ ਕਰਨ ਪੁੱਜੇ ਲੱਖਾ ਸਿਧਾਣਾ, ਪਬਲਿਕ ਐਕਸ਼ਨ ਕਮੇਟੀ ਦੇ ਆਗੂ ਅਮਨਦੀਪ ਸਿੰਘ ਬੈਂਸ, ਕਪਿਲ ਅਰੋੜਾ ਅਤੇ ਸਥਾਨਕ ਵਾਸੀਆਂ ਨੇ ਕਿਹਾ ਕਿ ਐਨਜੀਟੀ ਵੱਲੋਂ ਜਦੋਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਰੁੱਖਾਂ ਦੀ ਕਟਾਈ ਬੰਦ ਹੋਣ ਦੀ ਬਜਾਇ ਸਗੋਂ ਕਟਾਈ ਤੇਜ਼ ਕਰ ਦਿੱਤੀ ਹੈ। ਐੱਨਜੀਟੀ ਕੋਲ ਦੋ ਕੇਸਾਂ ਦੀ ਸੁਣਵਾਈ ਹੋ ਰਹੀ ਹੈ, ਇਕ ਕੇਸ ਨਵਾਂ ਪਾਇਆ ਹੈ ਜਿਸ ਵਿੱਚ 4500 ਰੁੱਖਾਂ ਦੀ ਕਟਾਈ ਦਾ ਮਾਮਲਾ ਹੈ। ਲੱਖਾ ਸਿਧਾਣਾ ਨੇ ਅੱਜ ਜਦੋਂ ਡੀਐੱਫਓ ਨਾਲ ਗੱਲ ਕੀਤੀ ਕਿ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨੋਟਿਸ ਨਹੀਂ ਪੁੱਜਿਆ। ਲੱਖਾ ਸਿਧਾਣਾ ਨੇ ਲੱਗੀਆਂ ਖ਼ਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਨਜੀਟੀ ਵੱਲੋਂ ਨੋਟਿਸ ਹੋਣ ਦੇ ਬਾਵਜੂਦ ਰੁੱਖਾਂ ਦੀ ਕਟਾਈ ਹੋਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਟਾਈ ਬੰਦ ਨਾ ਹੋਈ ਤਾਂ ਉਹ ਵੱਡਾ ਪ੍ਰਦਰਸ਼ਨ ਕਰਨਗੇ ਜਿਸ ਦੇ ਮੁੱਢਲੇ ਪੜਾਅ ਵਿਚ 6 ਅਗਸਤ ਨੂੰ ਸਰਹਿੰਦ ਰੋਡ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੜਕ ਚੌੜੀ ਕੀਤੀ ਜਾ ਰਹੀ ਹੈ ਤਾਂ ਰੁੱਖਾਂ ਨੂੰ ਪੁੱਟ ਕੇ ਉਸ ਦੇ ਦੁਬਾਰਾ ਜ਼ਮੀਨ ਵਿਚ ਲਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਵੇਲੇ ਸਥਾਨਕ ਵਾਸੀ ਰਜਿੰਦਰ ਸਿੰਘ ਸਮੇਤ ਬਹੁਤ ਸਾਰੇ ਵਾਤਾਵਰਨ ਪ੍ਰੇਮੀ ਸ਼ਾਮਲ ਹੋਏ ਅਤੇ ਸਰਕਾਰ ਦਾ ਰੁੱਖਾਂ ਦੀ ਕਟਾਈ ਬਾਬਤ ਵਿਰੋਧ ਕੀਤਾ।