For the best experience, open
https://m.punjabitribuneonline.com
on your mobile browser.
Advertisement

ਦੱਖਣੀ ਰਿਜ ਇਲਾਕੇ ’ਚੋਂ 1100 ਦਰੱਖ਼ਤ ਵੱਢਣ ਖ਼ਿਲਾਫ਼ ਮੁਜ਼ਾਹਰਾ

10:43 AM Jul 21, 2024 IST
ਦੱਖਣੀ ਰਿਜ ਇਲਾਕੇ ’ਚੋਂ 1100 ਦਰੱਖ਼ਤ ਵੱਢਣ ਖ਼ਿਲਾਫ਼ ਮੁਜ਼ਾਹਰਾ
ਭਾਜਪਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ‘ਆਪ’ ਕਾਰਕੁਨ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜੁਲਾਈ
‘ਆਪ’ ਨੇ ਮਨੁੱਖੀ ਚੇਨ ਬਣਾ ਕੇ ਦਿੱਲੀ ਦੇ ਦੱਖਣੀ ਰਿੱਜ ਇਲਾਕੇ ’ਚ ਕਥਿਤ ਤੌਰ ’ਤੇ ਵੱਢੇ ਗਏ 1100 ਦਰੱਖਤਾਂ ਖ਼ਿਲਾਫ਼ ਭਾਜਪਾ ਅਤੇ ਐੱਲਜੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਵਰਕਰਾਂ ਹੱਥਾਂ ’ਚ ਨਾਅਰੇ ਲਿਖੇ ਪੋਸਟਰ ਅਤੇ ਬੈਨਰ ਲੈ ਕੇ ਭਾਜਪਾ ਹੈੱਡਕੁਆਰਟਰ ’ਤੇ ਇਕੱਠੇ ਹੋਏ। ‘ਆਪ’ ਕਾਰਕੁਨਾਂ ਨੇ ਐੱਲਜੀ ਦੇ ਮਾਸਕ ਪਾ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵਾਰ-ਵਾਰ ਪੁੱਛਿਆ ਹੈ ਕਿ ਕਿਸ ਦੇ ਹੁਕਮਾਂ ’ਤੇ ਏਨੇ ਦਰੱਖ਼ਤ ਕੱਟੇ ਗਏ ਪਰ ਅਫਸਰਾਂ ਨੇ ਸੱਚ ਨਹੀਂ ਦੱਸਿਆ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਸੜਕ ਨੂੰ ਚੌੜਾ ਕਰਨ ਲਈ ਫਾਰਮ ਹਾਊਸਾਂ ਦੀ ਜ਼ਮੀਨ ਲਈ ਜਾ ਸਕਦੀ ਸੀ ਪਰ ਇੱਥੇ ਫਾਰਮ ਹਾਊਸ ਮਾਲਕਾਂ ਨੂੰ ਫਾਇਦਾ ਦੇਣਾ ਸੀ। ਇਸ ਲਈ ਰਿੱਜ ਖੇਤਰ ਦੇ ਸੈਂਕੜੇ ਦਰੱਖਤ ਵੱਢ ਦਿੱਤੇ ਗਏ। ‘ਆਪ’ ਵਰਕਰਾਂ ਨੇ ਮਨੁੱਖੀ ਚੇਨ ਬਣਾ ਕੇ ਅਤੇ ਵੱਡੇ ਪੋਸਟਰ ਹੱਥਾਂ ’ਚ ਫੜ੍ਹ ਕੇ ਵਿਰੋਧ ਦਰਜ ਕੀਤਾ। ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਸੁਪਰੀਮ ਕੋਰਟ ਡੀਡੀਏ ਤੋਂ ਵਾਰ-ਵਾਰ ਸਵਾਲ ਪੁੱਛ ਰਹੀ ਹੈ ਕਿ ਕਿਸ ਦੇ ਹੁਕਮਾਂ ’ਤੇ ਉਸ ਨੇ 1100 ਦਰੱਖ਼ਤ ਗੈਰ-ਕਾਨੂੰਨੀ ਤਰੀਕੇ ਨਾਲ ਕੱਟੇ ਪਰ ਡੀਡੀਏ ਅਧਿਕਾਰੀ ਇਸ ਪਿੱਛੇ ਸੱਚ ਛੁਪਾਉਣ ਵਿੱਚ ਲੱਗੇ ਹੋਏ ਸਨ।
ਉਨ੍ਹਾਂ ਕਿਹਾ ਕਿ 3 ਫਰਵਰੀ ਨੂੰ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਅਨਬਾਰਾਸੂ, ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਏਕੇ ਸਿੰਘ, ਡਿਵੀਜ਼ਨਲ ਕਮਿਸ਼ਨਰ ਅਸ਼ਵਨੀ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਐੱਲਜੀ ਨਾਲ ਰਿੱਜ ਖੇਤਰ ਦੇ ਦੌਰੇ ’ਤੇ ਗਏ ਸਨ। ਇਸ ਦੇ ਬਾਵਜੂਦ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਸੁਪਰੀਮ ਕੋਰਟ ਨੂੰ ਇਹ ਨਹੀਂ ਦੱਸਿਆ ਕਿ ਐੱਲਜੀ ਸਾਹਬ ਨੇ ਰਿੱਜ ਖੇਤਰ ਦਾ ਦੌਰਾ ਕੀਤਾ ਅਤੇ ਰੁੱਖਾਂ ਨੂੰ ਕੱਟਣ ਲਈ ਜ਼ੁਬਾਨੀ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਤੋਂ ਪਹਿਲਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਰੱਖ਼ਤ ਕੱਟਣ ਦਾ ਹੁਕਮ ਐੱਲਜੀ ਵੀਕੇ ਸਕਸੈਨਾ ਨੇ ਦਿੱਤਾ ਸੀ। ਦਿੱਲੀ ਦੇ ਵਜ਼ੀਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਜੇਸ਼ ਗੁਪਤਾ ਨੇ ਕਿਹਾ ਕਿ ਰੁੱਖ ਆਵਾਜ਼ ਰਹਿਤ ਹਨ। ਹਾਲਾਂਕਿ ਉਨ੍ਹਾਂ ਕੋਲ ਜੀਵਨ ਹੈ, ਉਹ ਸਾਹ ਲੈਂਦੇ ਹਨ ਅਤੇ ਸਾਹ ਲੈਣ ਲਈ ਸਾਰੇ ਜੀਵਾਂ ਨੂੰ ਆਕਸੀਜਨ ਦਿੰਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸੜਕ ਨੂੰ ਚੌੜਾ ਕਰਨ ਲਈ ਰਿੱਜ ਵਾਲੇ ਖੇਤਰ ਵਿੱਚ ਦਰੱਖ਼ਤ ਜਾਣਬੁੱਝ ਕੇ ਕੱਟੇ ਗਏ ਸਨ, ਜਦੋਂ ਕਿ ਸੜਕ ਦੇ ਦੂਜੇ ਪਾਸੇ ਸਥਿਤ ਇੱਕ ਫਾਰਮ ਹਾਊਸ ਦੀ ਜ਼ਮੀਨ ਵੀ ਇਸ ਲਈ ਲਈ ਜਾ ਸਕਦੀ ਸੀ। ਜੇਕਰ ਉਹ ਹਰੇਕ ਫਾਰਮ ਹਾਊਸ ਤੋਂ ਕਰੀਬ 5 ਤੋਂ 10 ਫੀਸਦੀ ਜ਼ਮੀਨ ਲੈ ਲੈਂਦੇ ਤਾਂ ਦਰੱਖਤਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਸੜਕ ਨੂੰ ਚੌੜਾ ਕੀਤਾ ਜਾ ਸਕਦਾ ਸੀ।

Advertisement
Advertisement
Author Image

sukhwinder singh

View all posts

Advertisement