ਸਰਕਾਰੀ ਸਕੂਲ ਦੇ ਖੇਡ ਮੈਦਾਨ ’ਚ ਉਸਾਰੀ ਖ਼ਿਲਾਫ਼ ਮੁਜ਼ਾਹਰਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 4 ਫਰਵਰੀ
ਹਲਕੇ ਦੇ ਪਿੰਡ ਚੀਮਾ-ਜੋਧਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚ ਕਮਰਿਆਂ ਦੀ ਉਸਾਰੀ ਨੂੰ ਲੈ ਕੇ ਖਿਡਾਰੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਇਸ ਦੇ ਰੋਸ ਵਜੋਂ ਖਿਡਾਰੀਆਂ ਵਲੋਂ ਸਕੂਲ ਪ੍ਰਿੰਸੀਪਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੁਖਜਿੰਦਰ ਸਿੰਘ, ਪਿੰਦਰ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ ਅਤੇ ਕਰਮ ਸ਼ਰਮਾ ਨੇ ਕਿਹਾ ਕਿ ਪਿੰਡ ਵਿੱਚ ਇੱਕੋ ਇਕ ਖੇਡ ਮੈਦਾਨ ਸਕੂਲ ਵਿੱਚ ਹੈ, ਜਿੱਥੇ ਰੋਜ਼ਾਨਾ ਪਿੰਡ ਦੇ ਸੈਂਕੜੇ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਅਤੇ ਕਬੱਡੀ ਖੇਡਦੇ ਆ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਮੌਜੂਦਾ ਸਕੂਲ ਪ੍ਰਿੰਸੀਪਲ ਦੀ ਦੇਖਰੇਖ ਵਿੱਚ ਖੇਡ ਮੈਦਾਨ ਦਾ ਦਾਇਰਾ ਘਟਾਇਆ ਜਾ ਰਿਹਾ ਹੈ ਅਤੇ ਖੇਡ ਮੈਦਾਨ ਦੀ ਜਗ੍ਹਾ ਉਪਰ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪਹਿਲਾਂ ਇੱਥੇ ਬੱਚਿਆਂ ਦੇ ਸਾਈਕਲ ਖੜੇ ਕਰਨ ਲਈ ਸੈੱਡ ਬਣਾ ਦਿੱਤਾ। ਇਸ ਤੋਂ ਬਾਅਦ ਬਾਥਰੂਮ ਅਤੇ ਇੱਕ ਲੈਬ ਦਾ ਨਿਰਮਾਣ ਕਰ ਦਿੱਤਾ ਗਿਆ। ਕਈ ਦਫ਼ਾ ਸਕੂਲ ਪ੍ਰਿੰਸੀਪਲ ਨੂੰ ਮਿਲ ਕੇ ਅਜਿਹਾ ਨਾ ਕਰਨ ਦੀ ਬੇਨਤੀ ਵੀ ਕੀਤੀ।ਉਨ੍ਹਾਂ ਬਿਨਾਂ ਪ੍ਰਮਿਸ਼ਨ ਸਕੂਲ ਵਿੱਚੋਂ ਦਰੱਖਤ ਵੀ ਪੁੱਟਣ ਦੇ ਵੀ ਦੋਸ਼ ਲਾਏ ਅਤੇ ਜਿਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਖੇਡ ਮੈਦਾਨ ਉਪਰ ਇਸੇ ਤਰ੍ਹਾਂ ਉਸਾਰੀ ਹੁੰਦੀ ਰਹੀ ਤਾਂ ਪਿੰਡ ਦੇ ਖਿਡਾਰੀਆਂ ਦੇ ਖੇਡਣ ਲਈ ਕੋਈ ਜਗ੍ਹਾ ਹੀ ਨਹੀਂ ਬਚਣੀ। ਇੱਕ ਪਾਸੇ ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰ ਰਹੀਆਂ ਹਨ, ਦੂਜੇ ਪਾਸੇ ਖਿਡਾਰੀਆਂ ਲਈ ਕੋਈ ਜਗ੍ਹਾ ਹੀ ਨਹੀਂ ਛੱਡੀ ਜਾ ਰਹੀ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਦੀ ਇਸ ਕਥਿਤ ਮਨਮਰਜ਼ੀ ਸਬੰਧੀ ਉਹ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਨੂੰ ਮਿਲਣਗੇ ਅਤੇ ਖੇਡ ਮੈਦਾਨ ਨੂੰ ਬਚਾਉਣ ਲਈ ਹਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਸਕੂਲ ਪ੍ਰਿੰਸੀਪਲ ਅਨਿਲ ਮੋਦੀ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਖੇਡ ਮੈਦਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ। ਇਸ ਦੇ ਇੱਕ ਸਾਈਡ ’ਤੇ ਹੀ ਕਮਰਿਆਂ ਦਾ ਨਿਰਮਾਣ ਕਰ ਰਹੇ ਹਨ। ਜੇ ਫਿਰ ਵੀ ਕਿਸੇ ਨੂੰ ਸਮੱਸਿਆ ਹੈ ਤਾਂ ਉਹ ਮਿਲ ਕੇ ਗੱਲ ਕਰ ਸਕਦੇ ਹਨ।