ਐਮੀਨੈਂਸ ਸਕੂਲਾਂ ਵਿੱਚ ਬਦਲੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਗਰਾਉਂ, 21 ਅਕਤੂਬਰ
ਪੰਜਾਬ ਸਰਕਾਰ ਵਲੋਂ ਪ੍ਰਚਾਰੇ ਜਾ ਰਹੇ ਡਰੀਮ ਪ੍ਰਾਜੈਕਟ ਐਮੀਨੈਂਸ ਸਕੂਲਾਂ ਵਿੱਚ ਜਬਰੀ ਬਦਲੀਆਂ ਕਰਨ ਤੋਂ ਅਧਿਆਪਕ ਵਰਗ ’ਚ ਰੋਸ ਹੈ। ਇਹ ਜਬਰਨ ਬਦਲੀਆਂ ਰੱਦ ਕਰਵਾਉਣ ਲਈ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਅਧਿਆਪਕਾਂ ਨੇ ਅੱਜ ਇਥੇ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕ ਆਗੂਆਂ ਨੇ ਜਬਰਨ ਬਦਲੀਆਂ ਰੱਦ ਕਰਵਾਉਣ ’ਤੇ ਜ਼ੋਰ ਦਿੱਤਾ ਅਤੇ ਤਾੜਨਾ ਕੀਤੀ ਕਿ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਅਧਿਆਪਕ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਲੋਂ ਐਮੀਨੈਂਸ ਸਕੂਲਾਂ ’ਚ ਅਧਿਆਪਕਾਂ ਦੀਆਂ ਧੱਕੇ ਨਾਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਜਗਰਾਉਂ ਅਤੇ ਸਿੱਧਵਾਂ ਬੇਟ ਵਿਖੇ ਇਹ ਪ੍ਰਦਰਸ਼ਨ ਹੋਏ। ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਸੁਖਦੇਵ ਸਿੰਘ ਹਠੂਰ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਬਦਲਾਅ ਵਾਲੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਸਿੱਖਿਆ ਵਿਭਾਗ ‘ਚ ਨਿੱਤ ਨਵੇਂ ਨਵੇਂ ਪ੍ਰਯੋਗ ਕਰਕੇ ਸਕੂਲਾਂ ’ਚੋਂ ਪੜ੍ਹਾਈ ਦਾ ਭੱਠਾ ਬਿਠਾਉਣ ’ਤੇ ਤੁਲੀ ਹੋਈ ਹੈ। ਇਸੇ ਤਹਿਤ ਹੁਣ ਅਧਿਆਪਕਾਂ ਦੀ ਸਹਿਮਤੀ ਤੋਂ ਬਿਨਾ ਕੀਤੀਆਂ ਬਦਲੀਆਂ ਸਰਕਾਰ ਦੀ ਤਾਨਾਸ਼ਾਹੀ ਹੈ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਸਕੂਲਾਂ ’ਚ ਪਈਆਂ ਖਾਲੀ ਪੋਸਟਾਂ ਭਰਦੀ। ਪਰ ਸਰਕਾਰ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੋਲ ਕੇ ਆਪਣੇ ਅਖੌਤੀ ਡਰੀਮ ਪ੍ਰਾਜੈਕਟ ਸਕੂਲ ਆਫ ਐਮੀਨੈਂਸ ਨੂੰ ਸਫ਼ਲ ਬਣਾਉਣਾ ਚਾਹੁੰਦੀ ਹੈ ਜੋ ਕਿ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਕਾਣੀ ਵੰਡ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਅਧਿਆਪਕ ਵਿਰੋਧੀ ਹੀ ਨਹੀਂ ਵਿਦਿਆਰਥੀ ਵਿਰੋਧੀ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਸ ਨਹੀਂ ਲਿਆ ਤਾਂ ਜਥੇਬੰਦੀ ਪੰਚਾਇਤਾਂ ਅਤੇ ਮਾਪਿਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਪਿੰਡਾਂ ’ਚ ਮੁਜ਼ਾਹਰੇ ਕਰੇਗੀ। ਇਸ ਮੌਕੇ ਅਧਿਆਪਕ ਆਗੂ ਰਾਣਾ ਆਲਮਦੀਪ, ਪਰਮਜੀਤ ਦੁੱਗਲ, ਤੁਲਸੀਦਾਸ, ਗੌਰਵ ਗੁਪਤਾ, ਅੰਕਿਤ ਕਟਾਰੀਆ, ਹਰਪ੍ਰੀਤ ਸਿੰਘ ਮਲਕ, ਅਮਰਦੀਪ ਕੁਮਾਰ, ਅਮਰਤੇਸ਼ਵਰ ਸਿੰਘ, ਰਮਨ ਸੂਦ, ਹਰਦੀਪ ਸਿੰਘ ਗਾਲਬਿ, ਸੰਤੋਖ ਸਿੰਘ, ਜਰਨੈਲ ਸਿੰਘ ਕਾਉਂਕੇ, ਵਰਗ ਚੇਤਨਾ ਮੰਚ ਵਲੋਂ ਜੋਗਿੰਦਰ ਆਜ਼ਾਦ, ਜਗਮੋਹਣ ਸਿੰਘ, ਅਸ਼ੋਕ ਭੰਡਾਰੀ ਆਦਿ ਹਾਜ਼ਰ ਸਨ।