ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਮਜ਼ਦਗੀਆਂ ਰੱਦ ਕਰਨ ਖ਼ਿਲਾਫ਼ ਰੋਸ ਧਰਨਾ

09:16 AM Oct 07, 2024 IST
ਅਬੋਹਰ ਵਿੱਚ ਐੱਸਡੀਐੱਮ ਦੇ ਘਰ ਦੇ ਬਾਹਰ ਧਰਨਾ ਦਿੰਦੇ ਹੋਏ ਕਾਂਗਰਸੀ ਆਗੂ।

ਰਾਜਿੰਦਰ ਕੁਮਾਰ
ਬੱਲੂਆਣਾ, 6 ਅਕਤੂਬਰ
ਪੰਚਾਇਤਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ’ਤੇ ਰੋਸ ਵਧ ਗਿਆ ਹੈ। ਇਸ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਧਰਨਾ ਦੇ ਕੇ ਰੋਸ ਪ੍ਰਗਟਾਇਆ ਗਿਆ। ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਸੱਤਾਧਾਰੀ ਧਿਰ ਨਾਲ ਮਿਲ ਕੇ ਵੱਡੀ ਗਿਣਤੀ ਪੰਚਾਇਤ ਮੈਂਬਰ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕੀਤੇ ਜਾਣ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ। ਉਨ੍ਹਾਂ ਐੱਸਡੀਐੱਮ ਦੇ ਘਰ ਦੇ ਬਾਹਰ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਲਾਏ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪਰਚੇ ਰੱਦ ਕਰਨ ਤੋਂ ਬਾਅਦ ਹੁਣ ਐੱਸਡੀਐੱਮ ਦੇ ਹੱਥ ਪੱਲੇ ਕੁਝ ਨਹੀਂ ਹੈ। ਇਸ ਬਾਬਤ ਉਨ੍ਹਾਂ ਸਾਰਿਆਂ ਨੂੰ ਹੁਣ ਅਦਾਲਤ ਦਾ ਰੁਖ਼ ਕਰਨਾ ਪਵੇਗਾ। ਇਸ ਮੌਕੇ ਕਾਂਗਰਸੀ ਆਗੂ ਸੁਧੀਰ ਭਾਦੂ ਅਤੇ ਰਾਜਿੰਦਰ ਕੌਰ ਨੇ ਕਿਹਾ ਕਿ ਹਲਕਾ ਬੱਲੂਆਣਾ ਅਤੇ ਅਬੋਹਰ ਨਾਲ ਸਬੰਧਤ ਕਈ ਪੰਚਾਇਤਾਂ ਲਈ ਚੋਣਾਂ ਲੜ ਰਹੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਕਈ ਆਗੂਆਂ ਦੇ ਪਰਚੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਕੁੰਡਲ, ਬਹਾਦਰਖੇੜਾ, ਨਿਊ ਮਹਿੰਦਰ ਨਗਰ, ਪੱਟੀ ਸਦੀਕ ਅਤੇ ਕਾਲਾ ਟਿੱਬਾ ਦੀਆਂ ਪੰਚਾਇਤਾਂ ਲਈ ਕਾਂਗਰਸੀ ਅਤੇ ਹੋਰ ਪਾਰਟੀਆਂ ਵੱਲੋਂ ਦਾਖਲ ਕੀਤੇ ਗਏ ਨਾਮਜ਼ਦਗੀ ਪਰਚੇ ਅੱਜ ਰੱਦ ਕਰ ਦਿੱਤੇ ਗਏ ਹਨ। ਧਰਨੇ ਨੂੰ ਸਮਾਪਤ ਕਰਾਉਣ ਲਈ ਅਬੋਹਰ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਮੋਹਰੀ ਭੂਮਿਕਾ ਨਿਭਾਈ।

Advertisement

ਫਾਈਲਾਂ ਖੋਹਣ ਅਤੇ ਪਾੜਨ ਖ਼ਿਲਾਫ਼ ਧਰਨਾ ਜਾਰੀ

ਜਲਾਲਾਬਾਦ (ਮਲਕੀਤ ਸਿੰਘ ਟੋਨੀ ਛਾਬੜਾ): ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ ਅਤੇ ਪਾੜਨ ਖ਼ਿਲਾਫ਼ ਇਲਾਕਾ ਵਾਸੀਆਂ ਵੱਲੋਂ ਅੱਜ ਦੂਜੇ ਦਿਨ ਵੀ ਬੱਤੀਆਂ ਵਾਲੇ ਚੌਕ ’ਚ ਚੱਕਾ ਜਾਮ ਅਤੇ ਧਰਨਾ ਜਾਰੀ ਰਿਹਾ। ਨੈਸ਼ਨਲ ਹਾਈਵੇਅ ਜਾਮ ਕਰ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅਗਵਾਈ ਸੀਪੀਆਈ ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਏਆਈਐੱਸਐੱਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਸੀਪੀਆਈ ਬਲਾਕ ਗੁਰੂਹਰਸਹਾਇ ਦੇ ਸਕੱਤਰ ਕਾਮਰੇਡ ਬਲਵੰਤ ਚੁਹਾਣਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਦਰ ਢਾਬਾਂ, ਪੰਜਾਬ ਕਿਸਾਨ ਸਭਾ ਦੇ ਆਗੂ ਅਸ਼ੋਕ ਕੰਬੋਜ, ਗੁਰਦਿਆਲ ਢਾਬਾਂ, ਕਰਨੈਲ ਬੱਗੇ ਕੇ ਤੇ ਸਟਾਲਿਨ ਲਮੋਚੜ ਨੇ ਕੀਤੀ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਸੂਬੇ ਅਮਨ-ਕਾਨੂੰਨ ਦਾ ਰਾਜ ਖਤਮ ਹੋ ਚੁੱਕਾ ਹੈ ਅਤੇ ਗੁੰਡਾਗਰਦੀ ਵਧਦੀ ਜਾ ਰਹੀ ਹੈ। ਇਸ ਮੌਕੇ ਸੀਪੀਆਈ ਦੇ ਬਲਾਕ ਸਕੱਤਰ ਕਾਮਰੇਡ ਛਿੰਦਰ ਮਹਾਲਮ, ਸੀਨੀਅਰ ਆਗੂ ਰਾਜ ਬਖਸ਼ ਕੰਬੋਜ, ਬੀਜੇਪੀ ਦੇ ਆਗੂ ਸੰਦੀਪ ਮਲੂਜਾ, ਰਾਕੇਸ਼ ਉਤਰੇਜਾ, ਹਰਭਜਨ ਦਰਗਨ ਤੇ ਕਾਮਰੇਡ ਜਰਨੈਲ ਢਾਬਾਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਮਸਲੇ ਦਾ ਹੱਲ ਕੱਢਣ ਲਈ ਗੱਲ ਕੀਤੀ ਜਾ ਰਹੀ ਹੈ, ਪ੍ਰੰਤੂ ਸਹੀ ਹੱਲ ਨਾ ਨਿਕਲਣ ਕਰਕੇ ਆਗੂ ਇਸ ਗੱਲ ’ਤੇ ਅੜੇ ਹੋਏ ਹਨ ਕਿ ਨਾਮਜ਼ਦਗੀ ਪੱਤਰ ਖੋਹਣ ਵਾਲੇ ਪੁਲੀਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸੱਤਾਧਾਰੀ ਧਿਰ ਦੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਵਾਉਣ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

Advertisement
Advertisement