ਬੰਗਲਾਦੇਸ਼ ’ਚ ਹਿੰਦੂਆਂ ’ਤੇ ਅੱਤਿਆਚਾਰਾਂ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਦਸੰਬਰ
ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਘੱਟ ਗਿਣਤੀ ਭਾਈਚਾਰਿਆਂ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਅੱਜ ਕੁਰੂਕਸ਼ੇਤਰ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੰਗਲਾ ਦੇਸ਼ ਸਰਕਾਰ ਤੋਂ ਤੁਰੰਤ ਦਖਲ ਦੇਣ ਤੇ ਉਥੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਬੰਗਲਾ ਦੇਸ਼ ਵਿੱਚ ਹਿੰਦੂ ਧਰਮ ਦੇ ਪੈਰੋਕਾਰਾਂ ’ਤੇ ਹਮਲਿਆਂ, ਮੰਦਰਾਂ ਨੂੰ ਢਾਹੇ ਜਾਣ ਤੇ ਧਾਰਮਿਕ ਹਿੰਸਾ ਦੀ ਨਿਖੇਧੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤਖਤੀਆਂ ਤੇ ਬੈਨਰ ਫੜੇ ਹੋਏ ਸਨ ਜਿਨਾਂ ਤੇ ਹਿੰਦੂ ਭਾੲਚਾਰੇ ਵਿਰੁੱਧ ਹਿੰਸਾ ਬੰਦ ਕਰੋ, ਬੰਗਲਾ ਦੇਸ਼ ਸਰਕਾਰ ਮੁਰਦਾਬਾਦ, ਹਿੰਦੂ ਸੁਰੱਖਿਆ ਯਕੀਨੀ ਕਰੋ ਵਰਗੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬੰਗਲਾਦੇਸ਼ ਸਰਕਾਰ ਤੇ ਉਥੋਂ ਦੇ ਸੁਰੱਖਿਆ ਬਲਾਂ ਦੀ ਅਣਗਹਿਲੀ ਕਾਰਨ ਹਿੰਦੂ ਭਾਈਚਾਰੇ ’ਤੇ ਜ਼ੁਲਮ ਹੋ ਰਿਹਾ ਹੈ। ਪ੍ਰਦਰਸ਼ਨ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਹਿੰਦੂ ਸੰਗਠਨਾਂ ਦੇ ਲੋਕ ਅਗਰਸੈਨ ਚੌਕ ’ਤੇ ਇੱਕਠੇ ਹੋਏ। ਧਾਰਮਿਕ ਨਗਰੀ ਜੈ ਸ੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠੀ। ਪ੍ਰਦਰਸ਼ਨਕਾਰੀ ਮੋਹਨ ਨਗਰ, ਅਗਰਸੈਨ ਚੌਕ ਤੋਂ ਪਿਪਲੀ ਰੋਡ ਸੈਕਟਰ-13 ਤੋਂ ਹੁੰਦੇ ਹੋਏ ਮਿੰਨੀ ਸਕੱਤਰੇਤ ਪੁੱਜੇ ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਾਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਤੇ ਪੁਤਲਾ ਸਾੜਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਸਬੰਧੀ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਇਸ ਮੌਕੇ ਵਾਸੂ ਦੇਵਾ ਨੰਦ, ਸੁਆਮੀ ਹਰੀ ਓਮ ਦਾਸ, ਜਨਾਰਦਾ ਸੁਆਮੀ ਮਹਾਰਜ, ਸਾਧਵੀ ਮੋਕਸ਼ਤਾ, ਸੁਆਮੀ ਰਘੂਨਾਥ, ਹਰਿਆਣਾ ਸ਼ੂਗਰ ਫੈੱਡ ਦੇ ਚੇਅਰਮੈਨ ਧਰਮਵੀਰ ਡਾਗਰ, ਭਾਜਪਾ ਕਾਰਜਕਾਰਨੀ ਮੈਂਬਰ ਰਾਜਕੁਮਾਰ ਸੈਣੀ ਹਾਜ਼ਰ ਸੀ।