‘ਐਪ’ ਅਧਾਰਿਤ ਕੰਪਨੀਆਂ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਇੱਥ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਹਨ। ਹਾਲਾਂਕਿ ਇਨ੍ਹਾਂ ਚੋਣ ਮਨੋਰਥ ਪੱਤਰਾਂ ਵਿੱਚ ਅਸਲ ਵਿੱਚ, ਦਿੱਲੀ ਦੇ ਨਾਗਰਿਕਾਂ ਦੀ ਆਵਾਜ਼ ਪੂਰੀ ਤਰ੍ਹਾਂ ਅਣਸੁਣੀ ਗਈ ਹੈ। ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਸਥਿਤ ਸਵਿਗੀ ਇੰਸਟਾਮਾਰਟ ਸਟੋਰ ’ਤੇ ਡਿਲਿਵਰੀ ਕਰਮਚਾਰੀ ਕਰੀਬ 12 ਦਿਨਾਂ ਤੋਂ ਕੰਪਨੀ ਦੀਆਂ ਮਨਮਾਨੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਦੀ ਗੱਲ ਸਿਆਸੀ ਪਾਰਟੀਆਂ ਵੱਲੋਂ ਵੀ ਨਹੀਂ ਸੁਣੀ ਜਾ ਰਹੀ। ‘ਐਪ’ ਕਰਮਚਾਰੀ ਏਕਤਾ ਯੂਨੀਅਨ ਦੀ ਪ੍ਰਧਾਨ ਅਪੂਰਵਾ ਨੇ ਕਿਹਾ ਕਿ ਖਾਣਾ ਸਪਲਾਈ ਕਰਨ ਵਾਲੀ ਸਵਿਗੀ ਨੇ ਅਚਾਨਕ ਵਰਕਰਾਂ ਲਈ ਰੇਟ ਕਾਰਡ ਬਦਲ ਦਿੱਤਾ। ਨਵੇਂ ਰੇਟ ਕਾਰਡ ਵਿੱਚ 10 ਤੇ 12 ਰੁਪਏ ਦੇ ਹਿਸਾਬ ਨਾਲ ਆਰਡਰ ਦਿੱਤੇ ਜਾ ਰਹੇ ਹਨ।12 ਦਿਨਾਂ ਦੇ ਧਰਨੇ ਦੇ ਬਾਵਜੂਦ ਕੰਪਨੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਬੇਰੁਖ਼ੀ ਦਾ ਪ੍ਰਗਟਾਵਾ ਕਰ ਰਹੀ ਹੈ। ਅਪੂਰਵਾ ਮੁਤਾਬਕ ਸਟੋਰ ‘ਤੇ ਮੌਜੂਦ ਕੰਪਨੀ ਪ੍ਰਸ਼ਾਸਨ ਸਥਾਨਕ ਪੁਲੀਸ ਨਾਲ ਮਿਲੀਭੁਗਤ ਕਰਕੇ ਮੁਲਾਜ਼ਮਾਂ ਨੂੰ ਲਗਾਤਾਰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ ਦੇਣ ਦੀਆਂ ਚਾਲਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਐਪ ਵਾਲੀਆਂ ਕੰਪਨੀਆਂ ਇਨ੍ਹਾਂ ਸਟੋਰਾਂ ‘ਤੇ ਬਾਊਂਂਸਰ ਬੁਲਾ ਕੇ ਆਪਣੇ ਡਿਲੀਵਰੀ ਕਰਮਚਾਰੀਆਂ ਨੂੰ ਡਰਾਉਂਦੀਆਂ ਹਨ ਅਤੇ ਕੁੱਟਮਾਰ ਕਰ ਰਹੀਆਂ ਹਨ। ਐਪ ਕਰਮਚਾਰੀ ਏਕਤਾ ਯੂਨੀਅਨ (ਏਆਈਸੀਸੀਟੀਯੂ) ਅਜਿਹੇ ਗੈਰ-ਕਾਨੂੰਨੀ ਅਤੇ ਸ਼ੋਸ਼ਣ ਕਰਨ ਵਾਲੇ ਅਮਲਾਂ ਵਿਰੁੱਧ ਲਗਾਤਾਰ ਆਵਾਜ਼ ਉਠਾਉਂਦੀ ਆ ਰਹੀ ਹੈ।