ਚਾਲੀ ਤੋਂ ਵੱਧ ਪਿੰਡਾਂ ਦੀ ਸੁਰੱਖਿਆ ‘ਰੱਬ ਆਸਰੇ’
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 28 ਜੁਲਾਈ
ਪੁਲੀਸ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮਾਛੀਵਾੜਾ ਥਾਣੇ ਅਧੀਨ ਪੈਂਦੀਆਂ 2 ਪੁਲੀਸ ਚੌਕੀਆਂ ਬਹਿਲੋਲਪੁਰ ਤੇ ਸ਼ੇਰਪੁਰ ਵਿੱਚ ਕੇਵਲ 1-1 ਮੁਲਾਜ਼ਮ ਡਿਊਟੀ ਨਿਭਾਅ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਚੌਕੀ ’ਤੇ ਤਾਂ ਲੱਗਭਗ ਤਾਲਾ ਹੀ ਲੱਗਿਆ ਰਹਿੰਦਾ ਹੈ। ਮਾਛੀਵਾੜਾ ਥਾਣਾ ਅਧੀਨ ਆਉਂਦੀ ਸ਼ੇਰਪੁਰ ਪੁਲੀਸ ਚੌਕੀ ਜਿਸ ਅਧੀਨ ਕਰੀਬ 20 ਤੋਂ ਵੱਧ ਪਿੰਡ ਆਉਂਦੇ ਹਨ ਅਤੇ ਇੱਥੇ ਲੋਕਾਂ ਦੀ ਸੁਰੱਖਿਆ ਲਈ ਘੱਟੋ-ਘੱਟ 6 ਪੁਲੀਸ ਮੁਲਾਜ਼ਮ ਜ਼ਰੂਰ ਚਾਹੀਦੇ ਹਨ ਪਰ ਇੱਥੇ ਤਾਇਨਾਤ ਚੌਕੀ ਇੰਚਾਰਜ ਦਾ 20 ਦਿਨ ਪਹਿਲਾਂ ਤਬਾਦਲਾ ਹੋ ਗਿਆ ਅਤੇ ਚੌਕੀ ਵਿੱਚ ਕੇਵਲ 1 ਮੁਲਾਜ਼ਮ ਹੈ ਜੋ 24 ਘੰਟੇ ਬਤੌਰ ਮੁਨਸ਼ੀ, ਬਤੌਰ ਸੰਤਰੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਕੰਮ ਕਰ ਰਿਹਾ ਹੈ। ਜੇਕਰ ਇਸ ਪੁਲੀਸ ਕਰਮਚਾਰੀ ਨੂੰ ਕਾਨੂੰਨੀ ਪ੍ਰਕਿਰਿਆ ਲਈ ਕਿਤੇ ਬਾਹਰ ਜਾਣਾ ਪੈਂਦਾ ਹੈ ਤਾਂ ਇਹ ਚੌਕੀ ਸੁੰਨੀ ਹੋ ਜਾਂਦੀ ਹੈ ਤਾਂ ਤਾਲਾ ਲੱਗਿਆ ਮਿਲੇਗਾ। ਬਹਿਲੋਲਪੁਰ ਪੁਲੀਸ ਚੌਕੀ ਅਧੀਨ ਪੈਂਦੇ ਪਿੰਡਾਂ ’ਚ ਜੇਕਰ ਕੋਈ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਲੜਾਈ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਜਾਂਦਾ ਹੈ ਉੱਥੇ ਚੌਕੀ ਦੇ ਦਰਵਾਜ਼ੇ ਬੰਦ ਮਿਲਦੇ ਹਨ। ਜੇਕਰ ਕੋਈ ਕਰਮਚਾਰੀ ਮਿਲ ਵੀ ਜਾਂਦਾ ਹੈ ਤਾਂ ਉਹ ਕੇਵਲ ਸ਼ਿਕਾਇਤ ਦਰਜ ਕਰ ਉਸ ਦੇ ਨਿਪਟਾਰੇ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੰਦਾ ਹੈ। ਬੇਸ਼ੱਕ ਪੁਲੀਸ ਚੌਕੀ ਸ਼ੇਰਪੁਰ ਚੌਕੀ ਦਾ ਵਾਧੂ ਚਾਰਜ ਬਹਿਲੋਲਪੁਰ ਚੌਕੀ ਦੇ ਸਹਾਇਕ ਥਾਣੇਦਾਰ ਨੂੰ ਦਿੱਤਾ ਗਿਆ ਹੈ ਪਰ ਬਹਿਲੋਲਪੁਰ ਚੌਕੀ ਵਿੱਚ ਕੇਵਲ ਸਹਾਇਕ ਥਾਣੇਦਾਰ ਤੋਂ ਇਲਾਵਾ ਹੋਰ ਕੋਈ ਵੀ ਕਰਮਚਾਰੀ ਨਹੀਂ ਹੈ। ਬਹਿਲੋਲਪੁਰ ਚੌਕੀ ਅਧੀਨ ਵੀ ਕਰੀਬ 20 ਤੋਂ ਵੱਧ ਪਿੰਡ ਆਉਂਦੇ ਹਨ ਅਤੇ ਦੋਵਾਂ ਚੌਕੀਆਂ ਵਿੱਚ ਕੁੱਲ 2 ਮੁਲਾਜ਼ਮ ਤਾਇਨਾਤ ਹਨ ਜੋ 40 ਤੋਂ ਵੱਧ ਪਿੰਡਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਿੱਚ ਜੁਟੇ ਹੋਏ ਹਨ। ਮਾਛੀਵਾੜਾ ਥਾਣਾ ਅਧੀਨ ਪੈਂਦੀ ਬਹਿਲੋਲਪੁਰ ਚੌਕੀ ਦੀ ਗੱਲ ਕਰੀਏ ਤਾਂ ਇੱਥੇ ਵੀ ਚੌਕੀ ਇੰਚਾਰਜ ਤੋਂ ਇਲਾਵਾ ਨਾ ਮੁਨਸ਼ੀ, ਨਾ ਸੰਤਰੀ ਅਤੇ ਨਾ ਹੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਹੋਰ ਕਰਮਚਾਰੀ ਮੌਜੂਦ ਹੈ। ਕੇਵਲ ਇੱਕ ਚੌਕੀ ਇੰਚਾਰਜ ਬਹਿਲੋਲਪੁਰ ਤੇ ਸ਼ੇਰਪੁਰ ਅਧੀਨ ਪੈਂਦੇ ਕਰੀਬ 40 ਪਿੰਡਾਂ ਦੀ ਸੁਰੱਖਿਆ ਲਈ ਡਟਿਆ ਹੋਇਆ ਹੈ ਜੋ ਨਾਕਾਫ਼ੀ ਹੈ। ਜੇਕਰ ਬਹਿਲੋਲਪੁਰ ਚੌਕੀ ਇੰਚਾਰਜ ਨੂੰ ਕਾਨੂੰਨੀ ਕੰਮਾਂ ਲਈ ਅਦਾਲਤ ਜਾਂ ਆਪਣੀ ਹਦੂਦ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਇੱਥੇ ਕੇਵਲ ਇੱਕ ਪ੍ਰਾਈਵੇਟ ਲਾਂਗਰੀ ਸ਼ਿਕਾਇਤ ਦਰਜ ਕਰਵਾਉਣ ਆਉਂਦੇ ਲੋਕਾਂ ਦੀ ਥਾਣਾ ਇੰਚਾਰਜ ਨਾਲ ਗੱਲ ਕਰਵਾ ਦਿੰਦਾ ਹੈ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਮਾਛੀਵਾੜਾ ਪੁਲੀਸ ਥਾਣਾ ਭੇਜ ਦਿੰਦਾ ਹੈ। ਇਸ ਤੋਂ ਇਲਾਵਾ ਜੇਕਰ ਲਾਂਗਰੀ ਨਾ ਹੋਵੇ ਤਾਂ ਇਸ ਨੂੰ ਤਾਲਾ ਲਗਾਉਣਾ ਪੈਂਦਾ ਹੈ।
ਬਹਿਲੋਲਪੁਰ ਤੇ ਸ਼ੇਰਪੁਰ ਚੌਕੀ ਵਿੱਚ ਕੇਵਲ ਦੋ ਕਰਮਚਾਰੀ ਤਾਇਨਾਤ ਹੋਣ ਕਾਰਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਣ ਵਿੱਚ ਵੀ ਮੁਸ਼ਕਿਲ ਆ ਰਹੀ ਹੈ। ਬੇਸ਼ੱਕ ਇਨ੍ਹਾਂ ਚੌਕੀਆਂ ਵਿੱਚ ਤਾਇਨਾਤ ਦੋਵੇਂ ਕਰਮਚਾਰੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਜੁਰਮ ਨੂੰ ਰੋਕਣ ਲਈ 24 ਘੰਟੇ ਆਪਣੀ ਡਿਊਟੀ ਨਿਭਾਅ ਰਹੇ ਹਨ ਪਰ 12 ਮੁਲਾਜ਼ਮਾਂ ਦੇ ਕੰਮ ਦਾ ਬੋਝ ਕੇਵਲ 2 ਮੁਲਾਜ਼ਮਾਂ ’ਤੇ ਪਾਉਣਾ ਵੀ ਕਿਸੇ ਅਣਮਨੁੱਖੀ ਤਸ਼ੱਦਦ ਤੋਂ ਘੱਟ ਨਹੀਂ।
ਮਾਛੀਵਾੜਾ ਥਾਣਾ ਦੇ ਮੁਖੀ ਭਿੰਦਰ ਸਿੰਘ ਖੰਗੂੜਾ ਨਾਲ ਜਦੋਂ ਪੁਲੀਸ ਚੌਕੀ ਬਹਿਲੋਲਪੁਰ ਨੂੰ ਤਾਲਾ ਲੱਗੇ ਹੋਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਤਾਇਨਾਤ ਇੰਚਾਰਜ ਤੇ ਪੁਲੀਸ ਕਰਮਚਾਰੀ ਨੂੰ ਉਸ ਦਿਨ ਕਾਨੂੰਨੀ ਕੰਮ ਲਈ ਜਾਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਟਾਫ਼ ਦੀ ਕੁਝ ਘਾਟ ਤਾਂ ਜ਼ਰੂਰ ਹੈ ਪਰ ਮਾਛੀਵਾੜਾ ਥਾਣਾ ਦੇ ਸਮੂਹ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ।
ਪੁਲੀਸ ਚੌਕੀਆਂ ਵਿੱਚ ਸਟਾਫ਼ ਦੀ ਘਾਟ ਛੇਤੀ ਪੂਰੀ ਕੀਤੀ ਜਾਵੇਗੀ: ਐੱਸਐੱਸਪੀ
ਮਾਛੀਵਾੜਾ ਥਾਣੇ ਅਧੀਨ ਪੈਂਦੀਆਂ ਚੌਕੀਆਂ ਵਿੱਚ ਸਟਾਫ਼ ਦੀ ਘਾਟ ਸਬੰਧੀ ਜਦੋਂ ਐੱਸਐੱਸਪੀ ਅਵਨੀਤ ਕੌਂਡਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀ ਸੇਵਾਮੁਕਤ ਹੋ ਗਏ ਹਨ ਅਤੇ ਕਈਆਂ ਦਾ ਤਬਾਦਲਾ ਹੋ ਚੁੱਕਾ ਹੈ ਜਿਸ ਕਾਰਨ ਸਟਾਫ਼ ਦੀ ਘਾਟ ਜ਼ਰੂਰ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਾਡਾ ਮੁੱਖ ਮੰਤਵ ਹੈ, ਇਸ ਲਈ ਜਲਦ ਜਿਨ੍ਹਾਂ ਪੁਲੀਸ ਚੌਕੀਆਂ ਵਿੱਚ ਘੱਟ ਸਟਾਫ਼ ਹੈ ਉੱਥੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ।