ਕੁੱਤਿਆਂ ਦੀ ਸੰਭਾਲ ਅਤੇ ਬੰਦਿਆਂ ਦੀ ਸੁਰੱਖਿਆ
ਕਮਲੇਸ਼ ਉੱਪਲ
ਜਦੋਂ ਦਾ ਐਨੀਮਲ ਵੈਲਫੇਅਰ ਬੋਰਡ ਬਣਿਆ ਹੈ ਜਾਂ ਕੁੱਤਿਆਂ ਦੇ ਹੱਕ ਵਿਚ ਕਾਨੂੰਨ ਬਣਾ ਦਿਤਾ ਹੈ, ਕੁੱਤੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕਦੇ ਵਖ ਵਖ ਥਾਵਾਂ ’ਤੇ ਇਨ੍ਹਾਂ ਦੀ ਨਸਬੰਦੀ ਬਾਰੇ ਅੰਕੜੇ ਛਪੇ ਹੁੰਦੇ ਹਨ ਤੇ ਕਦੇ ਕੁੱਤਾ-ਵੱਢ ਦੀਆਂ ਖ਼ਬਰਾਂ ਹੁਣ ਤਕ ਦੀ ਗਿਣਤੀ ਸਮੇਤ ਛਾਪੀਆਂ ਜਾਂਦੀਆਂ ਹਨ। ਆਵਾਰਾਂ ਕੁੱਤਿਆਂ ਦੀ ਸਾਂਭ ਸੰਭਾਲ ਵੱਡਾ ਸਮਾਜਿਕ ਮਮਲਾ ਬਣੀ ਹੋਈ ਹੈ। ਬਹੁਗਿਣਤੀ ਇਹ ਵਿਚਾਰ ਰੱਖਦੀ ਹੈ ਕਿ ਮਨੁੱਖਾਂ ਦੀ ਸੁਰੱਖਿਆ ਦਾ ਧਿਆਨ ਰੱਖ ਕੇ ਤੇ ਨਾਲ ਹੀ ਕੁੱਤਿਆਂ ਪ੍ਰਤੀ ਉਦਾਰ ਰਹਿ ਕੇ ਇਸ ਮਸਲੇ ਦਾ ਹੱਲ ਲੱਭਿਆ ਜਾਵੇ। ਕੁੱਤਿਆਂ ਦੀ ਨਸਬੰਦੀ ਕਰਵਾਉਣ ਤੇ ਕੁੱਤਾ-ਪਨਾਹਗਾਹਾਂ ਬਣਾਉਣ ਦੀ ਸਲਾਹ ਦਿਤੀ ਜਾਂਦੀ ਹੈ।
ਇਸੇ ਸਾਲ ਜੂਨ ਮਹੀਨੇ ਗੁਰੂਗ੍ਰਾਮ (ਗੁੜਗਾਵਾਂ) ਦੀ ਨਗਰਪਾਲਿਕਾ ਨੂੰ ਹਾਈ ਕੋਰਟ ਨੇ ਆਵਾਰਾ ਕੁੱਤਿਆਂ ਅਤੇ ਕੁੱਤਾ-ਵੱਢ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਕਾਰਨ ਝਾੜਾਂ ਪਾਈਆਂ ਸਨ। ਗੁਰੂਗ੍ਰਾਮ ਵਿਚ 17000 ਆਵਾਰਾ ਕੁੱਤੇ ਹੋ ਗਏ ਸਨ ਅਤੇ ਦੋ ਹਜ਼ਾਰ ਦੇ ਕਰੀਬ ਕੁੱਤੇ ਲੋਕਾਂ ਨੂੰ ਵੱਢ ਚੁੱਕੇ ਸਨ। ਬੁੱਢੇ, ਬੱਚੇ, ਜਵਾਨ ਕੋਈ ਵੀ ਕੁੱਤਿਆਂ ਤੋਂ ਮਹਿਫ਼ੂਜ਼ ਨਹੀਂ ਹੈ। ਇਕ ਛੋਟੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਮਾਰ ਮੁਕਾਇਆ ਸੀ, ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ ਸੀ ਅਤੇ ਇਹ ਇਕ ਜ਼ਿੰਮੇਵਾਰ ਟੀਵੀ ਚੈਨਲ ਤੋਂ ਦਿਖਾਈ ਗਈ ਸੀ। ਸਾਰੇ ਸ਼ਹਿਰਾਂ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਆਵਾਰਾ ਕੁੱਤੇ ਫਿਰਦੇ ਹਨ ਤੇ ਇਨ੍ਹਾਂ ਦੀ ਗਿਣਤੀ ਦਿਨ ਪਰ ਦਿਨ ਵਧ ਰਹੀ ਹੈ।
ਸ਼ਹਿਰਾਂ ਵਿਚ ਹੀ ਨਹੀਂ, ਪਿੰਡਾਂ ਅਤੇ ਕਸਬਿਆਂ ਵਿਚ ਵੀ ਲੋਕ ਪਾਲਤੂ ਕੁੱਤਿਆਂ ਪਿੱਛੇ ਲੜ ਪੈਂਦੇ ਹਨ। ਉਜ਼ਰ ਜਾਂ ਤੁਹਮਤ ਇੰਨੀ ਕੁ ਹੀ ਹੁੰਦੀ ਹੈ- “ਗਲੀ ’ਚੋਂ ਲੰਘਦਿਆਂ ਨੂੰ ਦੇਖ ਕੇ ਤੁਹਾਡਾ ਕੁੱਤਾ ਭੌਂਕਦਾ ਬਹੁਤ ਹੈ” ਜਾਂ “ਤੁਸੀਂ ਸਾਡੇ ਡੌਗੀ ਨੂੰ ‘ਕੁੱਤਾ’ ਕਿਉਂ ਕਿਹਾ, ਇਸ ਦਾ ਨਾਂ ਲੈ ਕੇ ਗੱਲ ਕਰੋ।” ਕੁੱਤੇ ਹੁਣ ਲੋਕਾਂ ਨੂੰ ਕਾਕਿਆਂ ਜਾਂ ਪੁੱਤਰਾਂ ਤੋਂ ਵੱਧ ਪਿਆਰੇ ਹਨ। ਕੁੱਤਿਆਂ ਬਾਰੇ ਘਮਾਸਾਣ ਝਗੜੇ ਹੋ ਜਾਂਦੇ ਹਨ। ਲੋਕ ਮਾਰ ਕੁਟਾਈ ’ਤੇ ਉੱਤਰ ਆਉਂਦੇ ਹਨ, ਜ਼ਖ਼ਮੀ ਹੋ ਜਾਂਦੇ ਹਨ। ਹਸਪਤਾਲਾਂ ਵਿਚ ਪਹੁੰਚਾਉਣ ਦੀ ਨੌਬਤ ਆ ਜਾਂਦੀ ਹੈ। ਕੁੱਤਿਆਂ ਲਈ ਮਾਰ ਕੁਟਾਈ ਸਿਰਫ਼ ਆਦਮੀ ਹੀ ਨਹੀਂ ਕਰਦੇੇ, ਔਰਤਾਂ ਵੀ ਨਾਲ ਸ਼ਾਮਲ ਹੁੰਦੀਆਂ ਹਨ। ਸਭਿਆ ਨਾਗਰਿਕਾਂ ਨੂੰ ਨਵਾਂ ਰੁਝੇਵਾਂ ਮਿਲ ਗਿਆ ਹੈ- ‘ਕੁੱਤੇ ਭਕਾਈ ਦਾ’।
ਕੁਝ ਸਮਾਂ ਪਹਿਲਾਂ ਜਦੋਂ ਜੀ20 ਸਿਖਰ ਸੰਮੇਲਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਦਿੱਲੀ ਦੀ ਨਗਰ ਨਿਗਮ (ਐੱਮਡੀ) ਨੂੰ ਕੁਝ ਥਾਵਾਂ ਤੋਂ ਕੁੱਤਿਆਂ ਨੂੰ ਹਟਾਉਣਾ ਪਿਆ। ਪੀਪਲ ਫਾਰ ਐਨੀਮਲਜ਼ (ਪੀਐੱਫਏ) ਸੰਸਥਾ ਨੇ ਰੌਲਾ ਪਾ ਦਿੱਤਾ। ਉਨ੍ਹਾਂ ਐੱਮਡੀ ਖ਼ਿਲਾਫ਼ ਦੋਸ਼ ਲਾਇਆ ਕਿ ਕੁੱਤਿਆਂ ਦੇ ਗਲਿਆਂ ਵਿਚ ਤਾਰਾਂ ਪਾ ਕੇ ਉਨ੍ਹਾਂ ਨੂੰ ਖਿੱਚਿਆ ਗਿਆ ਅਤੇ ਚੌਥੀ ਸ਼੍ਰੇਣੀ ਦੇ ਸਿਖਲਾਈ ਮਜ਼ਦੂਰ ਉਨ੍ਹਾਂ ਨੂੰ ਗੱਡੀਆਂ ਵਿਚ ਸੁੱਟ ਰਹੇ ਸਨ। ਪੀਐੱਫਏ ਕਹਿਣਾ ਸੀ, “ਇਹ ਕੁੱਤੇ ਦੋਸਤਾਨਾ ਹਨ ਤੇ ਇਨ੍ਹਾਂ ਦੀ ਨਸਬੰਦੀ ਹੋ ਚੱਕੀ ਹੈ।” ਇਹ ਕਾਰਵਾਈ ਪ੍ਰਗਤੀ ਮੈਦਾਨ (ਹੁਣ ਭਾਰਤ ਮੰਡਪਮ) ਅਤੇ ਹਵਾਈ ਅੱਡੇ ਦੇ ਟਰਮਿਨਲ 2 ਵਾਲੇ ਇਲਾਕੇ ਵਿਚ ਕੀਤੀ ਗਈ ਸੀ।
ਕੁੱਤਿਆਂ ਦੀ ਚੜ੍ਹਤ ਦਾ ਇਕ ਹੋਰ ਕਿੱਸਾ ਵੀ ਤਿਆਰ ਹੈ। ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦਾ ਦੇਸ਼ ਵਾਸੀਆਂ ਲਈ ਤਾਜ਼ਾ ਹਦਾਇਤਨਾਮਾ ਆਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਤੋਂ ਬਚਣ ਲਈ ਉਨ੍ਹਾਂ ਦੀਆਂ ਹਰਕਤਾਂ ਵੱਲ ਉਚੇਚਾ ਧਿਆਨ ਦਿਓ। ਉਨ੍ਹਾਂ ਦੀ ਹਿਲਜੁਲ ਨੂੰ ਨੋਟ ਕਰੋ ਅਤੇ ਬੋਰਡ ਦੀਆਂ ਨਿਰਧਾਰਤ ਹਦਾਇਤਾਂ ਦੀ ਪਾਲਣਾ ਕਰੋ। ਕੁੱਤਾ ਜੇ ਦੰਦ ਕਰੀਚਦਾ (ਪੀਸਦਾ) ਨਜ਼ਰ ਆਵੇ ਜਾਂ ਆਪਣੀ ਪੂਛ ਹੇਠਾਂ ਕਰ ਲਵੇ ਤਾਂ ਤੁਹਾਡੀ ਖ਼ੈਰ ਨਹੀਂ। ਤੁਸੀਂ ਪਾਸੇ ਹਟ ਜਾਵੋ। ਜੇ ਉਹ ਆਪਣੇ ਟੱਬਰ ਨਾਲ ਖਾ ਪੀ ਰਿਹਾ ਹੋਵੇ ਜਾਂ ਆਪਣੀ ਸੰਤਾਨ ਕੋਲ ਹੋਵੇ ਤਾਂ ਉਸ ਦੇ ਨੇੜੇ ਜਾਣ ਦੀ ਗ਼ਲਤੀ ਨਾ ਕਰੋ। ਇਸ ਦਾ ਮਤਲਬ ਇਹ ਹੈ ਕਿ ਅਵਾਰਾ ਕੁੱਤੇ ਸੁਪਰੀਮ ਜੀਵ ਹਨ। ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਸਿਲੇਬਸ ਤਿਆਰ ਕੀਤਾ ਗਿਆ ਹੈ। ਗਾਈਡਲਾਈਨ ਤਿਆਰ ਕੀਤੀ ਗਈ ਹੈ ਜੋ ਸਿਲੇਬਸ ਵਾਂਗ ਪੜ੍ਹਾਈ ਜਾਵੇਗੀ। ਪੰਜਵੀਂ, ਛੇਵੀਂ, ਦਸਵੀਂ, ਗਿਆਰ੍ਹਵੀਂ ਲਈ ਵਖ ਵਖ ਸਿਲੇਬਸ ਬਣਾਏ ਗਏ ਹਨ।
ਸਕੂਲੀ ਪੜ੍ਹਾਈ ਦਾ ਇਹ ਸਮਾਂ ਬੱਚਿਆਂ ਤੇ ਨੌਜਵਾਨਾਂ ਦੀ ਗ੍ਰਹਿਣਸ਼ੀਲ ਉਮਰ ਦਾ ਉਹ ਕੀਮਤੀ ਸਮਾਂ ਹੈ ਜਿਸ ਵਿਚ ਉਹ ਨਵੀਆਂ ਜਾਣਕਾਰੀਆਂ, ਨਵੇਂ ਇੰਕਸ਼ਾਫ਼ ਅਤੇ ਨਿਤ ਨਵੇਂ ਤਜਰਬੇ ਹਾਸਲ ਕਰਦੇ ਹੋਏ ਆਪਣੇ ਜ਼ਿਹਨੀ ਦਿਸਹੱਦਿਆਂ ਨੂੰ ਹੋਰ ਵਿਸਤਾਰ ਦਿੰਦੇ ਹਨ। ਕੁੱਤਿਆਂ ਦੀਆਂ ਹਰਕਤਾਂ ਨੂੰ ਵਾਚਦੇ ਰਹਿਣਾ ਉਨ੍ਹਾਂ ਲਈ ਅਨੋਖਾ ਤਜਰਬਾ ਤਾਂ ਕਹਿ ਸਕਦੇ ਹਾਂ ਪਰ ਕੁਸ਼ਾਗਰ ਬੁੱਧੀ ਨੌਜਵਾਨ ਵਿਦਿਆਰਥੀਆਂ ਲਈ ਇਹ ਕੀਮਤੀ ਅਨੁਭਵ ਨਹੀਂ ਬਣ ਸਕੇਗਾ। ਲਗਾਤਾਰ ਵਿਕਾਸ ਕਰਦੀ ਦੁਨੀਆ ਨੂੰ ਸਮਝਣ ਲਈ ਗਿਆਨ ਦੇ ਸੋਮੇ ਅਣਗਿਣਤ ਹਨ। ਇਸ ਕੁੱਤਾ ਅਧਿਐਨ (ਡੌਗ ਸਟੱਡੀ) ਲਈ ਹੋ ਸਕਦਾ ਹੈ, ਹੋਰ ਅਧਿਆਪਕ ਰੱਖਣੇ ਪੈ ਜਾਣ।
ਇਨ੍ਹੀਂ ਦਿਨੀਂ ਇਹ ਵੀ ਹੋਇਆ ਹੈ ਕਿ ਬ੍ਰਿਟੇਨ ਦੀ ਸਰਕਾਰ ਨੇ ਲੋਕਾਂ ਨੂੰ ਸਿਨੇਮਾ ਘਰਾਂ ਵਿਚ ਕੁੱਤੇ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਥੇ ਖਾਣਾ ਵੀ ਕੁੱਤਿਆਂ ਦੇ ਸਵਾਦ ਅਤੇ ਸਹੂਲਤ ਦਾ ਧਿਆਨ ਰੱਖ ਕੇ ਪਰੋਸਿਆ ਜਾਵੇਗਾ। ਬੀਬੀਸੀ ਨੇ ਆਪਣੇ ਬੁਲੇਟਿਨ ਵਿਚ ਇਹ ਖ਼ਬਰ ਤਫ਼ਸੀਲ ਨਾਲ ਦਿਖਾਈ ਹੈ। ਕੁੱਤੇ ਨੂੰ ਬੈਠਣ ਲਈ ਸੀਟ ਨਹੀਂ ਮਿਲੇੇਗੀ। ਉਹ ਬੈਠੇਗਾ ਭੁੰਜੇ ਹੀ ਪਰ ਖਾਣਾ ਮਾਲਕਾਂ ਦੇ ਨਾਲ ਹੀ ਖਾਵੇਗਾ। ਇਹ ਸ਼ਾਇਦ ਮੌਲਾਂ
ਵਿਚ ਜਾ ਕੇ ਫਿਲਮਾਂ ਦੇਖਣ ਵਾਲਿਆਂ ਦੀ ਮੰਗ ਅਨੁਸਾਰ ਹੋਇਆ ਹੋਵੇਗਾ।
ਪਾਲਤੂ ਕੁੱਤੇ ਨੂੰ ਲੈ ਕੇ ਦਿੱਲੀ ਵਿਚ ਇਕ ਹੋਰ ਘਟਨਾ ਵਾਪਰੀ ਹੈ। ਇਕ ਆਈਏਐੱਸ ਅਫਸਰ ਨੇ ਤਿਆਗਰਾਜ ਸਟੇਡੀਅਮ ਤੋਂ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਤੋਂ ਰੋਕ ਕੇ ਆਪਣਾ ਕੁੱਤਾ ਘੁਮਾਉਣ ਲਈ ਸਟੇਡੀਅਮ ਖਾਲੀ ਕਰਵਾ ਲਿਆ। ਇਹ ਗੱਲ ਵੱਖਰੀ ਹੈ ਕਿ ਇਸ ਲੇਡੀ ਅਫਸਰ ਨੂੰ ਮਗਰੋਂ ਸਰਕਾਰ ਨੇ ਜਬਰਨ ਰਿਟਾਇਰਮੈਂਟ ਦੇ ਦਿੱਤੀ।
ਆਓ ਹੁਣ ਸਤੰਬਰ ਮਹੀਨੇ ਮਨਾਏ ਜਾਂਦੇ ਵਿਸ਼ਵ ਰੈਬੀਜ਼ ਦਿਵਸ ਦੇ ਹਵਾਲੇ ਨਾਲ ਵੀ ਇਸ ਬੰਦਾ ਬਨਾਮ ਕੁੱਤਾ ਵਰਤਾਰੇ ਉਤੇ ਨਜ਼ਰਸਾਨੀ ਕਰੀਏ। ਸਾਡੇ ਆਪਣੇ ਹੀ ਜ਼ਿਲ੍ਹੇ ਪਟਿਆਲੇ ਵਿਚ 70000 ਦੇ ਕਰੀਬ ਆਵਾਰਾ ਕੁੱਤੇ ਹਨ। 2023 ਦੇ ਅੱਠ ਮਹੀਨਿਆਂ (ਅਗਸਤ 2023 ਤੱਕ) ਵਿਚ 11635 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ। ਪਿਛਲੇ 5 ਸਾਲਾਂ ਵਿਚ ਹਰ ਸਾਲ ਇਹ ਕੇਸ ਵਧੇ ਹਨ। ਹੁਣ ਕਿਸੇ ਪ੍ਰਾਈਵੇਟ ਕੰਪਨੀ ਨੂੰ ਨਸਬੰਦੀ ਦਾ ਕੰਮ ਠੇਕੇ ’ਤੇ ਦੇ ਦਿੱਤਾ ਗਿਆ ਹੈ। ਰਾਤ ਦੇ ਦਸ ਵਜੇ ਤੋਂ ਬਾਅਦ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਕੁੱਤਿਆਂ ਦਾ ਕਬਜ਼ਾ ਹੋ ਜਾਂਦਾ ਹੈ। ਪੰਜਾਬ ਵਿਚ ਰੋਜ਼ ਔਸਤਨ 550 ਕੇਸ ਕੁੱਤਾ-ਵੱਢ ਦੇ ਰਿਪੋਰਟ ਹੁੰਦੇ ਹਨ। ਪਿਛਲੇ ਪੰਜ ਸਾਲਾਂ ਵਿਚ 7 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ। ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਸਾਰੇ ਕੇਸ ਸਰਕਾਰੀ ਹਸਪਤਾਲਾਂ ’ਚ ਨਹੀਂ ਪਹੁੰਚਦੇ। ਇਹ ਸੰਖਿਆ ਇਸ ਲਈ ਵਧ ਰਹੀ ਹੈ ਕਿਉਂਕਿ ਕੁੱਤਾ ਸੰਭਾਲ, ਕੁੱਤਾ ਨਸਬੰਦੀ, ਅਵਾਰਾ ਕੁੱਤਿਆਂ ਦੀ ਆਬਾਦੀ ਘਟਾਉਣ ਆਦਿ ਕੰਮਾਂ ਲਈ ਜਿਹੜੇ ਸਰਕਾਰੀ ਮਹਿਕਮਿਆਂ ਵਿਚ ਆਪਸੀ ਤਾਲਮੇਲ ਚਾਹੀਦਾ ਹੈ, ਉਹ ਨਹੀਂ ਹੈ।
ਸਮਾਜ ਵਿਚ ਅਜਿਹੀ ਸਥਿਤੀ ਬਣਨ ਲਈ ਆਖ਼ਰ ਕੌਣ ਜ਼ਿੰਮੇਵਾਰ ਹੈ? ਜਦੋਂ ਕੁੱਤਿਆਂ ਲਈ ਕਾਨੂੰਨ ਨਹੀਂ ਸੀ ਬਣਿਆ, ਤਦ ਵੀ ਜ਼ਿੰਦਗੀ ਚਲ ਰਹੀ ਸੀ। ਸਮਾਜਿਕ, ਆਰਥਿਕ ਜਾਂ ਨੈਤਿਕ ਹਾਲਾਤ ਵੀ ਠੀਕ ਸਨ ਤੇ ਵਿਕਾਸ ਵੀ ਹੋ ਰਿਹਾ ਸੀ। ਹੁਣ ਕੁੱਤਿਆਂ ਦੀ ਵੁੱਕਤ ਵੱਧ ਕਰ ਦਿੱਤੀ ਹੈ ਤਾਂ ਇਸ ਦੇ ਕਾਰਨ ਬੰਦਿਆਂ ਦੀ ਸੁਰੱਖਿਆ ਅਤੇ ਸਿਹਤ ਦੀ ਹਾਨੀ ਹੋ ਰਹੀ ਹੈ। ਇਕ ਖ਼ਾਸ ਇਨਸਾਨੀ ਖ਼ਬਤ ਜਾਂ ਭੇਡਚਾਲੀ ਰੁਝਾਨ ਨੂੰ ਰੁਝੇਵਾਂ ਮਿਲ ਗਿਆ ਹੈ। ਕੁੱਤੇ ਪਾਲਣ ਦਾ। ਅੱਜ ਕੱਲ੍ਹ ਸਵੇਰੇ ਸ਼ਾਮ ਘਰੇਲੂ ਅਤੇ ਆਵਾਰਾ ਕੁੱਤਿਆਂ ਦੀ ਭੌਂਕ ਹੀ ਸੁਣਾਈ ਦਿੰਦੀ ਹੈ। ਲੋਕ ਕੁੱਤੇ ਘੁਮਾਉਣ ਅਤੇ ਗੱਡੀਆਂ ਧੋਣ ਵਿਚ ਹੀ ਲੱਗੇ ਰਹਿੰਦੇ ਹਨ। ਆਂਢ-ਗੁਆਂਢ ਨਾਲ ਆਪਸ ਵਿਚ ਗੱਲਬਾਤ ਨਹੀਂ ਕਰਦੇ। ਕੁੱਤੇ ਪਾਲ ਕੇ, ਸੁਰੱਖਿਅਤ ਮਹਿਸੂਸ ਕਰ ਕੇ, ਬੰਦੇ ਆਪਣੇ ਵਿਚ ਹੀ ਸਿਮਟੇ ਰਹਿੰਦੇ ਹਨ।
ਸ਼ਹਿਰਾਂ ਵਿਚ ਆਵਾਰਾ ਕੁੱਤਿਆਂ ਦੀ ਆਬਾਦੀ ’ਤੇ ਨਸਬੰਦੀ ਰਾਹੀਂ ਚਾਰਾਜੋਈ ਹੁੰਦੀ ਰਹੇਗੀ ਪਰ ਪਿੰਡਾਂ ਵਿਚ ਇਹ ਕਾਰਵਾਈ ਸੰਭਵ ਨਹੀਂ। ਇਹ ਲੇਖ ਲਿਖਦਿਆਂ ਖ਼ਬਰ ਮਿਲੀ ਹੈ ਕਿ ਮੋਰਿੰਡਾ ਦੇ ਪਿੰਡ ਸੰਗਤਪੁਰਾ ਵਿਚ ਚਾਰ ਸਾਲਾ ਬੱਚੀ ਨੂੰ ਕੁੱਤਿਆਂ ਨੇ ਵੱਢ ਖਾਧਾ। ਪਿੰਡ ਵਿਚ ਦੋ ਦਰਜਨ ਤੋਂ ਵੱਧ ਆਵਾਰਾ ਕੁੱਤੇ ਹਨ ਜੋ ਗਲੀਆਂ ’ਚ ਫਿਰਦੇ ਘਰਾਂ ਵਿਚ ਵੀ ਆ ਵੜਦੇ ਹਨ। ਪਿੰਡਾਂ ਵਿਚ ਬਾਹਰਲੇ ਦਰ ਕਦੇ ਬੰਦ ਨਹੀਂ ਕੀਤੇ ਜਾਂਦੇ। ਵਿਹੜੇ ਵਿਚ ਖੇਡ ਰਹੀ ਸਹਿਜਪ੍ਰੀਤ ਨੂੰ ਕੁੱਤਿਆਂ ਨੇ ਇੰਝ ਹੀ ਦਬੋਚ ਲਿਆ ਹੋਵੇਗਾ।
ਕੁੱਤਾ-ਵੱਢ ਦੀਆਂ ਵਾਰਦਾਤਾਂ ਅਤੇ ਕੁੱਤਾ-ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਅਸਫਲਤਾ ਬਾਰੇ ਸੁਣਦੇ ਹੀ ਰਹਿੰਦੇ ਹਾਂ। ਜਾਨਵਰਾਂ ’ਤੇ ਅਤਿਆਚਾਰ ਖ਼ਿਲਾਫ਼ ਬਣਾਏ ਕਾਨੂੰਨ ਦੀ ਆੜ ਵਿਚ ਸਭ ਕੁੱਤਾ-ਸੰਭਾਲ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਹਨ। ਫਿਰ ਜੀਵ-ਪ੍ਰੇਮੀ ਆਵਾਰਾ ਕੁੱਤਿਆਂ ਨੂੰ ਅਪਣਾੳਣ ਦੀ ਸਲਾਹ ਦੇਣ ਲਗਦੇ ਹਨ ਪਰ ਹੁਣ ਚੰਡੀਗੜ੍ਹ ਅਤੇ ਮੁਹਾਲੀ ਦੇ ਕੁਝ ਸੈਕਟਰਾਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਨੇ ਸਰਕਾਰ ਤੋਂ ਕੁੱਤਾ-ਕਾਨੂੰਨ ਵਿਚ ਸੋਧ ਦੀ ਮੰਗ ਕੀਤੀ ਹੈ। ਇਨ੍ਹਾਂ ਦੀ ਦਲੀਲ ਹੈ ਕਿ ਕੁੱਤਾ-ਕਾਨੂੰਨ ਕਾਰਨ ਲੋਕਾਂ ਦੇ ਨਾਗਰਿਕ ਹੱਕਾਂ ਦੀ ਉਲੰਘਣਾ ਹੋ ਰਹੀ ਹੈ।
ਬੰਦਿਆਂ ਦਾ ਕੁੱਤਿਆਂ ਪ੍ਰਤੀ ਜਾਗਿਆ ਮੋਹ ਇਸ ਜੁਗ ਵਿਚ ਸਰਮਾਇਆਦਾਰੀ ਦੀ ਦੇਣ ਹੈ। ਕੁੱਤਾ-ਫਾਰਮਿੰਗ (ਕੁੱਤੇ ਪਾਲੋ ਤੇ ਵੇਚੋ) ਵੀ ਸ਼ੁਰੂ ਹੋ ਗਈ ਹੈ; ਮਤਲਬ ਇਹ ਕਿ ਹੁਣ ਕੁੱਤਿਆਂ ਦਾ ਵਪਾਰ ਵੀ ਲੋਕਾਂ ਦਾ ਕਸਬ ਬਣ ਰਿਹਾ ਹੈ।
ਇਸ ਸਮੁੱਚੇ ਦ੍ਰਿਸ਼ ਵਿਚੋਂ ਨਾ ਚਾਹੁੰਦਿਆਂ ਹੋਇਆਂ ਵੀ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਇਨਸਾਨੀ ਰਿਸ਼ਤਿਆਂ ਵਿਚੋਂ ਨਿੱਘ ਦੀ ਤਰਲਤਾ ਖੁਸ਼ਕ ਹੋ ਗਈ ਹੈ ਪਰ ਕੁੱਤੇ ਨਾਲ ਸਬੰਧ ਦਿਨ ਪਰ ਦਿਨ ਗੂੜ੍ਹੇ ਬਣ ਰਹੇ ਹਨ। ਇਸ ਵਿਸ਼ਵ ਰੈਬੀਜ਼ ਦਿਵਸ ’ਤੇ ਸੁਨੇਹੇ ਇਹ ਮਿਲਦੇ ਰਹੇ ਹਨ ਕਿ ਕੁੱਤੇ ਤੋਂ ਆਪਣੇ ਆਪ ਨੂੰ ਵਢਾਓ। ਤੁਰੰਤ ਹਸਪਤਾਲ ਪਹੁੰਚੋ ਤੇ ਟੀਕੇ ਲਗਵਾਓ। ਤੁਸੀਂ ਸੁਰੱਖਿਅਤ ਰਹੋਗੇ। ਕਾਨੂੰਨਨ ਕੁੱਤਿਆਂ ਦੀ ਗਿਣਤੀ (ਐਕਟ ਪਾਸ ਕਰ ਕੇ) ਵਧਾ ਕੇ ਅਸੁਰੱਖਿਅਤ ਹੋਣਾ ਇਸ ਸਿਆਸੀ ਦੌਰ ਨੇ ਤੁਹਾਡੇ ਭਾਗੀਂ ਲਿਖ ਦਿਤਾ ਹੈ।
ਕੁੱਤਾ-ਕਾਨੂੰਨ ਦੇ ਰਾਖੇ ਬਣਦਿਆਂ ਅਸੀਂ ਭੁੱਲ ਜਾਂਦੇ ਰਹੇ ਹਾਂ ਕਿ ਸਿਵਲਾਇਜ਼ੇਸ਼ਨ ਜਾਂ ਸਭਿਅਤਾ ਹਿੰਸਾ ’ਤੇ ਆਧਾਰਿਤ ਹੈ। ਅਸੀਂ ਜੰਗਲ ਨਸ਼ਟ ਕਰਦੇ ਹਾਂ, ਨਦੀਆਂ ’ਤੇ ਬੰਨ੍ਹ ਮਾਰਦੇ ਹਾਂ, ਪਹਾੜ ਤੋੜਦੇ ਹਾਂ ਤਾਂ ਕਿ ਖੇਤ ਵਾਹੇ ਜਾਣ ਅਤੇ ਬਸਤੀਆਂ ਵਸ ਜਾਣ। ਇਹ ਸਭ ਕਰ ਕੇ ਵਾਤਾਵਰਨ ਅਤੇ ਉਸ ਦੇ ਨਾਲ ਹੀ ਦਰਖ਼ਤ ਤੇ ਜਾਨਵਰ ਨਸ਼ਟ ਹੁੰਦੇ ਹਨ। ਇਹ ਵਿਨਾਸ਼ ਸਾਰੇ ਦਾ ਸਾਰਾ ਸਾਡੀਆਂ ਅੱਖਾਂ ਸਾਹਮਣੇ ਨਹੀਂ ਹੁੰਦਾ ਤਾਂ ਅਸੀਂ ਸਮਝਦੇ ਹਾਂ ਕਿ ਕੋਈ ਵਿਨਾਸ਼, ਕੋਈ ਹਿੰਸਾ ਨਹੀਂ ਹੋਈ। ਅਸਲ ਵਿਚ ਹਿੰਸਾ ਬਾਰੇ ਸਾਡੀ ਆਧੁਨਿਕ ਸਮਝ ਅਧੂਰੀ ਹੈ।
ਸੰਪਰਕ: 98149-02564