ਪੰਜਾਬ ਦੇ ਦਰਿਆਵਾਂ ਨੂੰ ਪਲੀਤ ਹੋਣੋਂ ਬਚਾਉਣਾ ਪੰਜਾਬੀਆਂ ਦਾ ਮੁੱਢਲਾ ਫ਼ਰਜ਼: ਸੰਧਵਾਂ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਮਈ
ਸ੍ਰੀਮਾਨ ਸੰਤ ਅਵਤਾਰ ਸਿੰਘ ਦੀ 36ਵੀਂ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿੱਚ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣਾ ਹਰ ਪੰਜਾਬ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਦੀ ਸ਼ੁਰੂ ਕੀਤੀ ਕਾਰ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੇਵਾ ਨੇ ਵਾਤਾਵਰਨ ਪ੍ਰਤੀ ਲੋਕ ਮਨਾਂ ਵਿੱਚ ਚੇਤਨਾ ਪੈਦਾ ਕੀਤੀ ਹੈ। ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਜਿਹੜੇ ਦਰਿਆ ਜੀਵਨ ਦਾਤੇ ਸਨ, ਉਹ ਹੁਣ ਕੈਂਸਰ ਰੂਪੀ ਮੌਤ ਵੰਡ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਦੀ ਸ਼ੁਰੂ ਕੀਤੀ ਕਾਰ ਸੇਵਾ ਰੰਗ ਲਿਆਵੇਗੀ। ਜਿਵੇਂ ਉਨ੍ਹਾਂ ਬਾਬਾ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਸਾਫ਼ ਕੀਤਾ ਹੈ, ਉਸੇ ਤਰ੍ਹਾਂ ਬੁੱਢੇ ਦਰਿਆ ਨੂੰ ਵੀ ਨਿਰਮਲ ਵਗਣ ਲਾ ਦੇਣਗੇ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਤ ਅਵਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਬੜਾ ਅਨੁਸ਼ਾਸਨਬੱਧ ਸੀ। ਉਨ੍ਹਾਂ ਨੇ ਸੰਗਤਾਂ ਨੂੰ ਵੱਡੇ ਪੱਧਰ ’ਤੇ ਗੁਰਬਾਣੀ ਨਾਲ ਜੋੜਿਆ। ਪੰਜਾਬ ਦੇ ਵਾਤਾਵਰਨ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਦਾ ਅਸਰ ਸਪੱਸ਼ਟ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ 9 ਜ਼ਿਲ੍ਹੇ ਇਸ ਦੀ ਮਾਰ ਹੇਠ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ 8 ਅਤੇ ਹਰਿਆਣਾ ਦੇ 11 ਜ਼ਿਲ੍ਹੇ ਇਸ ਦੀ ਮਾਰ ਹੇਠ ਆਏ ਹੋਏ ਹਨ।