ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ-ਅੰਮ੍ਰਿਤਸਰ ਰੂਟ ’ਤੇ ਬੁਲੇਟ ਟਰੇਨ ਚਲਾਉਣ ਦੀ ਤਜਵੀਜ਼

08:16 AM Sep 21, 2023 IST

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 20 ਸਤੰਬਰ
ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਲਾਈਨ ’ਤੇ ਬੁਲੇਟ ਟਰੇਨ ਚੱਲੇਗੀ ਜੋ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੇ 465 ਕਿਲੋਮੀਟਰ ਦੇ ਸਫ਼ਰ ਨੂੰ ਮਹਿਜ਼ ਦੋ ਘੰਟੇ ਵਿੱਚ ਪੂਰਾ ਕਰੇਗੀ। ਇਹ ਰੇਲ ਚੰਡੀਗੜ੍ਹ ਸਣੇ 15 ਸਟੇਸ਼ਨਾਂ ’ਤੇ ਰੁਕੇਗੀ। ਇਸ ਗੱਡੀ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ, ਅਪਰੇਸ਼ਨਲ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਐਵਰੇਜ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਰੇਲ ਗੱਡੀ ਵਿੱਚ 750 ਯਾਤਰੀ ਸਫ਼ਰ ਕਰ ਸਕਣਗੇ। ਇਸ ਗੱਡੀ ਲਈ ਕੱਢੀ ਜਾਣ ਵਾਲੀ ਰੇਲਵੇ ਲਾਈਨ ਧਰਤੀ ਤੋਂ 18 ਫੁੱਟ ਉੱਚੀ ਹੋਵੇਗੀ ਅਤੇ ਇਸ ਦੀ ਚੌੜਾਈ 60 ਤੋਂ 65 ਫੁੱਟ ਹੋਵੇਗੀ। ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫ਼ਤਹਿਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨ ਤਾਰਨ ਤੇ ਰੂਪਨਗਰ ਜ਼ਿਲ੍ਹਿਆਂ ਦਾ ਇੱਕ-ਇੱਕ ਪਿੰਡ ਇਸ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ। ਆਈਆਈਐੱਮਆਰ ਏਜੰਸੀ ਵੱਲੋਂ ਨਵੀਂ ਰੇਲਵੇ ਲਾਈਨ ਵਿੱਚ ਆਉਂਦੇ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਰੇਲਵੇ ਲਾਈਨ ਲਈ ਜ਼ਮੀਨ ਐਕੁਆਇਰ ਕਰਨ ਦਾ ਕੰਮ ਅਗਲੇ ਦੋ ਸਾਲਾਂ ਦੌਰਾਨ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਰੇਲਵੇ ਲਾਈਨ ਮੁਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਸਬ ਡਿਵੀਜ਼ਨ ਦੇ 24 ਪਿੰਡਾਂ ਵਿਚੋਂ ਲੰਘੇਗੀ। ਮੁਹਾਲੀ ਤਹਿਸੀਲ ਦੇ ਨੌਂ ਪਿੰਡਾਂ ਬਾਕਰਪੁਰ, ਰੁੜਕਾ, ਕੰਬਾਲਾ, ਚਿੱਲਾ, ਰਾਏਪੁਰ ਖੁਰਦ, ਦੁਰਾਲੀ, ਸਨੇਟਾ, ਰਾਏਪੁਰ ਕਲਾਂ, ਸ਼ਾਮਪੁਰ ਦੀ ਜ਼ਮੀਨ ਇਸ ਪ੍ਰਾਜੈਕਟ ਅਧੀਨ ਗ੍ਰਹਿਣ ਕੀਤੀ ਜਾਵੇਗੀ। ਇਸ ਤਹਿਤ ਖਰੜ ਤਹਿਸੀਲ ਦੇ ਛੇ ਪਿੰਡ ਭਰਤਪੁਰ, ਗਿੱਦੜਪੁਰ, ਚੂਹੜ ਮਾਜਰਾ, ਮੱਛਲੀ ਕਲਾਂ, ਟੋਡਰ ਮਾਜਰਾ ਅਤੇ ਮਜਾਤ ਦੀ ਜ਼ਮੀਨ ਆਵੇਗੀ। ਸਰਵੇ ਕਰ ਰਹੀ ਕੰਪਨੀ ਦੇ ਫ਼ੀਲਡ ਅਫ਼ਸਰ ਰਜਨੀਸ਼ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਹੁਣ ਤੱਕ ਤਜਵੀਜ਼ਸ਼ੁਦਾ ਰੇਲਵੇ ਪ੍ਰਾਜੈਕਟ ਵਿੱਚ ਆਉਣ ਵਾਲੇ 100 ਦੇ ਕਰੀਬ ਪਿੰਡਾਂ ਦਾ ਸਰਵੇਅ ਮੁਕੰਮਲ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਮੁਹਾਲੀ ਜ਼ਿਲ੍ਹਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਪਿੰਡਾਂ ਦੀ ਰਿਪੋਰਟ ਕੰਪਨੀ ਕੋਲ ਜਮ੍ਹਾਂ ਕਰਵਾਈ ਜਾਂਦੀ ਹੈ। ਮਗਰੋਂ ਭੂਮੀ ਗ੍ਰਹਿਣ ਕਰਨ ਦਾ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨ ਲਈ ਕਿਸਾਨਾਂ ਨੂੰ ਹਰ ਪਿੰਡ ਦੇ ਕੁਲੈਕਟਰ ਰੇਟ ਦਾ ਪੰਜ ਗੁਣਾਂ ਭਾਅ ਮੁਹੱਈਆ ਕਰਾਇਆ ਜਾਵੇਗਾ।

Advertisement

Advertisement