ਮਨੂਸਮ੍ਰਿਤੀ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਦਿੱਲੀ ’ਵਰਸਿਟੀ ਵੱਲੋਂ ਰੱਦ
ਪੱਤਰ ਪ੍ਰੇਰਕ
ਨਵੀਂ ਦਿਲੀ, 12 ਜੁਲਾਈ
ਦਿੱਲੀ ਯੂਨੀਵਰਸਿਟੀ ਨੇ ਆਪਣੇ ਐੱਲਐੱਲਬੀ ਦੇ ਸਿਲੇਬਸ ਵਿੱਚ ਮਨੂਸਮ੍ਰਿਤੀ ਨੂੰ ਸ਼ਾਮਲ ਕਰਨ ਦੀ ਤਜਵੀਜ਼ ਰੱਦ ਕਰ ਦਿੱਤੀ ਹੈ। ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਤਜਵੀਜ਼ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀ ਅੱਜ ਇਸ ਦੀ ਪੁਸ਼ਟੀ ਕੀਤੀ ਹੈ।
ਪ੍ਰਧਾਨ ਨੇ ਕਿਹਾ, “ਅਸੀਂ ਸਾਰੇ ਆਪਣੇ ਸੰਵਿਧਾਨ ਤੇ ਭਵਿੱਖਮੁਖੀ ਪਹੁੰਚ ਲਈ ਵਚਨਬੱਧ ਹਾਂ। ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਨੂੰ ਬਰਕਰਾਰ ਰੱਖਣ ਲਈ ਪ੍ਰਤੀਬੱਧ ਹੈ।’’ ਮੰਤਰੀ ਨੇ ਕਿਹਾ ਕਿ ਕਿਸੇ ਵੀ ਰਚਨਾ ਦੇ ਕਿਸੇ ਵੀ ਵਿਵਾਦਤ ਹਿੱਸੇ ਨੂੰ ਸ਼ਾਮਲ ਕਰਨ ਦਾ ਕੋਈ ਸਵਾਲ ਨਹੀਂ ਹੈ। ਤਜਵੀਜ਼ ਦਾ ਹਵਾਲਾ ਦਿੰਦਿਆਂ ਦਿੱਲੀ ਯੂਨੀਵਰਸਿਟੀ ਅਕਾਦਮਿਕ ਕੌਂਸਲ ਦੀ ਮੈਂਬਰ ਮਾਇਆ ਜੌਹਨ ਨੇ ਕਿਹਾ ਸੀ ਕਿ ਸਿਲੇਬਸ ਵਿੱਚ ਮਨੂਸਮ੍ਰਿਤੀ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਫ਼ੈਸਲੇ ਖ਼ਿਲਾਫ਼ ’ਵਰਸਿਟੀ ਦੇ ਅਧਿਆਪਕਾਂ ਦੇ ਸੋਸ਼ਲ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਵੀ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਵਾਈਸ ਚਾਂਸਲਰ ਨੂੰ ਕਿਹਾ ਕਿ ਮਨੂਸਮ੍ਰਿਤੀ ਦੇ ਕਿਸੇ ਵੀ ਹਿੱਸੇ ਨੂੰ ਸਿਲੇਬਸ ’ਚ ਸ਼ਾਮਲ ਸ਼ਾਮਲ ਕਰਨਾ ਸੰਵਿਧਾਨ ਦੇ ਮੂਲ ਢਾਂਚੇ ਅਤੇ ਸਿਧਾਂਤਾਂ ਦੇ ਵਿਰੁੱਧ ਹੈ। ਦੂਜੇ ਪਾਸੇ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਕੀਤਾ ਤੇ ਮਨੂਸ੍ਰਮਿਤੀ ਦੀਆਂ ਕਾਪੀਆਂ ਸਾੜੀਆਂ। ਇਸ ਪ੍ਰਦਰਸ਼ਨ ਵਿਚ ਆਇਸਾ, ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰ ਜਥੇਬੰਦੀਆਂ ਨੇ ਸ਼ਿਰਕਤ ਕੀਤੀ।
ਤਜਵੀਜ਼ ਸੰਵਿਧਾਨ ਦੇ ਖ਼ਿਲਾਫ਼: ਮਾਇਆਵਤੀ
ਬਸਪਾ ਮੁਖੀ ਮਾਇਅਵਤੀ ਨੇ ਇਸ ਸਬੰਧੀ ਐਕਸ ’ਤੇ ਕਿਹਾ, ‘ਭਾਰਤੀ ਸੰਵਿਧਾਨ ਦੇ ਮਾਣ-ਸਨਮਾਨ ਤੇ ਮਰਿਆਦਾ ਅਤੇ ਇਸ ਦੇ ਲੋਕ ਭਲਾਈ ਦੇ ਟੀਚਿਆਂ ਖ਼ਿਲਾਫ਼ ਜਾ ਕੇ ਦਿੱਲੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ’ਚ ਮਨੂਸਮ੍ਰਿਤੀ ਪੜ੍ਹਾਏ ਜਾਣ ਦੀ ਤਜਵੀਜ਼ ਰੱਖੀ ਗਈ ਸੀ। ਇਸ ਦਾ ਤਿੱਖਾ ਵਿਰੋਧ ਹੋਣਾ ਸੁਭਾਵਕ ਹੈ ਅਤੇ ਇਹ ਤਜਵੀਜ਼ ਰੱਦ ਕੀਤੇ ਜਾਣ ਦਾ ਫ਼ੈਸਲਾ ਸਵਾਗਤਯੋਗ ਕਦਮ ਹੈ।’ -ਪੀਟੀਆਈ