ਗੁਰੂ ਰਾਮਦਾਸ ਹਵਾਈ ਅੱਡੇ ਦੇ ਵਿਸਥਾਰ ਲਈ ਮੁੱਖ ਮੰਤਰੀ ਨੂੰ ਤਜਵੀਜ਼ ਭੇਜੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ ਲਈ ਤਜਵੀਜ਼ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਭੇਜੀ ਹੈ।
ਦੱਸਣਯੋਗ ਹੈ ਕਿ 25 ਜੁਲਾਈ ਨੂੰ ਜਲੰਧਰ ਵਿੱਚ ਮੁੱਖ ਮੰਤਰੀ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਇਹ ਮੁੱਦਾ ਉਠਾਇਆ ਸੀ ਕਿ ਜੇਕਰ ਅੰਮ੍ਰਿਤਸਰ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾਵੇ ਤਾਂ ਇਹ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਡਿਪਟੀ ਕਮਿਸ਼ਨਰ ਨੂੰ ਇਸ ਬਾਬਤ ਲਿਖਤੀ ਤਜਵੀਜ਼ ਭੇਜਣ ਲਈ ਹਦਾਇਤ ਕੀਤੀ ਸੀ। ਵਿਸ਼ੇਸ਼ ਮੁੱਖ ਸਕੱਤਰ ਅਤੇ ਡਾਇਰੈਕਟਰ ਸਿਵਲ ਐਵੀਏਸ਼ਨ ਪੰਜਾਬ ਨੂੰ ਭੇਜੇ ਗਏ ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਜੇਕਰ ਇਸ ਦਾ ਵਿਸਥਾਰ ਕੀਤਾ ਜਾਵੇ ਤਾਂ ਅੰਮ੍ਰਿਤਸਰ ਦਾ ਹਵਾਈ ਅੱਡਾ ਪਰਵਾਸੀ ਭਾਰਤੀਆਂ ਅਤੇ ਸੈਲਾਨੀਆਂ ਲਈ ਪੰਜਾਬ ਦਾ ਗੇਟਵੇਅ ਸਾਬਤ ਹੋ ਸਕਦਾ ਹੈ। ਉਨ੍ਹਾਂ ਲਿਖਿਆ ਕਿ ਬੀਤੇ ਸਮੇਂ ਦੌਰਾਨ ਇੱਥੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਲੋੜ ਹੈ ਕਿ ਇਸ ਦੇ ਟਰਮੀਨਲ ਵਿੱਚ ਵਾਧਾ ਕੀਤਾ ਜਾਵੇ। ਇਸ ਵੇਲੇ ਇਸ ਦਾ ਖੇਤਰ 40 ਹਜ਼ਾਰ ਵਰਗ ਮੀਟਰ ਹੈ ਅਤੇ 1600 ਯਾਤਰੀਆਂ ਦੀ ਸਮਰੱਥਾ ਹੈ ਪਰ ਸੈਲਾਨੀਆਂ ਦੀ ਲਗਾਤਾਰ ਵਧ ਰਹੀ ਆਮਦ ਕਾਰਨ ਇਸ ਵਿੱਚ 10 ਹਜ਼ਾਰ ਵਰਗ ਮੀਟਰ ਦਾ ਖੇਤਰ ਹੋਰ ਨਾਲ ਜੋੜਨ ਅਤੇ ਸੈਲਾਨੀਆਂ ਦੀ ਸਮਰੱਥਾ 2000 ਦੇ ਕਰੀਬ ਕਰਨ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਿਕ ਸਥਾਨਾਂ ਕਾਰਨ ਵਿਸ਼ਵ ਭਰ ਤੋਂ ਯਾਤਰੀ ਆਉਂਦੇ ਹਨ। ਜੇਕਰ ਹਵਾਈ ਅੱਡੇ ਦਾ ਵਿਸਥਾਰ ਹੁੰਦਾ ਹੈ ਤਾਂ ਇਸ ਨਾਲ ਸਥਾਨਕ ਸੈਰ ਸਪਾਟਾ ਸਨਅਤ ਅਤੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਹੋਰ ਇੰਟਰਨੈਸ਼ਨਲ ਉਡਾਨਾਂ ਅੰਮ੍ਰਿਤਸਰ ਪਹੁੰਚਣਗੀਆਂ, ਜਿਸ ਨਾਲ ਅੰਮ੍ਰਿਤਸਰ ਦਾ ਸੰਪਰਕ ਸਮੁੱਚੇ ਵਿਸ਼ਵ ਨਾਲ ਵਧੇਗਾ, ਜੋ ਕਿ ਵਪਾਰ, ਕਾਰੋਬਾਰ, ਸੱਭਿਆਚਾਰ ਅਤੇ ਆਰਥਿਕ ਵਿਕਾਸ ਵਿੱਚ ਵੱਡੀ ਮਦਦ ਕਰੇਗਾ।