ਨਸ਼ਾ ਤਸਕਰਾਂ ਦੀ ਦੋ ਕਰੋੜ ਦੀ ਜਾਇਦਾਦ ਕੁਰਕ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਨਸ਼ਾ ਤਸਕਰੀ ਦਾ ਨਾਜਾਇਜ਼ ਕਾਰੋਬਾਰ ਕਰਕੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਵਾਲੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਪੁਲੀਸ ਨੇ ਦੋ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਕੇਸ ਨਾਲ ਅਟੈਚ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 7 ਅਤੇ ਥਾਣ ਦਰੇਸੀ ਪੁਲੀਸ ਨੇ ਨਸ਼ਾ ਤਸਕਰਾਂ ਦੀਆਂ 2 ਕਰੋੜ 11 ਹਜ਼ਾਰ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਦੇ ਬਾਹਰ ਨੋਟਿਸ ਚਿਪਕਾਏ ਹਨ। ਏਸੀਪੀ ਪੂਰਬੀ ਸੁਮਿਤ ਸੂਦ ਅਤੇ ਥਾਣਾ ਡਿਵੀਜ਼ਨ 7 ਦੇ ਐਸਐਚਓ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਿਊ ਮੋਤੀ ਨਗਰ ਦੇ ਰਹਿਣ ਵਾਲੇ ਨਰਿੰਦਰ ਬਿਸ਼ਟ ਉਰਫ਼ ਸ਼ੁਭਮ ਵਾਸੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਾਜਾਇਜ਼ ਜਾਇਦਾਦਾਂ ਬਣਾਈਆਂ ਸਨ ਜਿਸ ਦੀ ਕੀਮਤ 59 ਹਜ਼ਾਰ 90 ਹਜ਼ਾਰ ਰੁਪਏ ਸੀ। ਮੁਲਜ਼ਮ ਨੇ ਨਿਊ ਮੋਤੀ ਨਗਰ ਇਲਾਕੇ ਵਿੱਚ ਸੌ ਗਜ਼ ਦਾ ਘਰ ਤਿਆਰ ਕਰਵਾਇਆ ਸੀ। ਪੁਲੀਸ ਪਾਰਟੀ ਨੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ। ਹੁਣ ਮੁਲਜ਼ਮ ਉਕਤ ਜਾਇਦਾਦ ਕਿਸੇ ਨੂੰ ਨਾ ਵੇਚ ਸਕੇਗਾ ਅਤੇ ਨਾ ਹੀ ਕਿਸੇ ਨੂੰ ਟਰਾਂਸਫਰ ਕਰ ਸਕੇਗਾ। ਇਸੇ ਤਰ੍ਹਾਂ ਥਾਣਾ ਦਰੇਸੀ ਦੀ ਪੁਲੀਸ ਨੇ ਮੁਹੱਲਾ ਵਾਲਮੀਕੀ ਨਗਰ ਇਲਾਕੇ ਵਿੱਚ ਨਸ਼ਾ ਤਸਕਰ ਅਨਿਕੇਤ ਉਰਫ਼ ਅੰਕਿਤ ਬੱਤਰਾ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ। ਏਸੀਪੀ ਉੱਤਰੀ ਦਵਿੰਦਰ ਚੌਧਰੀ ਅਤੇ ਦਰੇਸੀ ਥਾਣੇ ਦੇ ਐਸਐਚਓ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਅਨਿਕੇਤ ਖ਼ਿਲਾਫ਼ ਦਰੇਸੀ ਥਾਣੇ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਮੁਹੱਲਾ ਵਾਲਮੀਕੀ ਨਗਰ ਇਲਾਕੇ ਵਿੱਚ 1 ਕਰੋੜ 40 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੋਈ ਸੀ।