ਚਾਰ ਨਸ਼ਾ ਤਸਕਰਾਂ ਦੀ 84 ਲੱਖ ਦੀ ਜਾਇਦਾਦ ਜ਼ਬਤ
ਹਤਿੰਦਰ ਮਹਿਤਾ
ਜਲੰਧਰ, 22 ਦਸੰਬਰ
ਦਿਹਾਤੀ ਪੁਲੀਸ ਜਲੰਧਰ ਨੇ ਐੱਨਡੀਪੀਐੱਸ ਕੇਸਾਂ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਦੀਆਂ 84,52,750 ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਬਤ ਕੀਤੀਆਂ ਜਾਇਦਾਦਾਂ ਹੁਣ ਭਾਰਤ ਸਰਕਾਰ ਦੇ ਨਾਮ ’ਤੇ ਹਨ। ਉਨ੍ਹਾਂ ਦੱਸਿਆ ਕਿ ਨਿਲਾਮੀ ਸਣੇ ਅਗਲੀ ਕਰਵਾਈ ਕਾਨੂੰਨ ਮੁਤਾਬਕ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਚਾਰ ਮਹੀਨਿਆਂ ਤੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਸਪੀ ਖੱਖ ਨੇ ਦੱਸਿਆ ਕਿ ਹਰੀਸ਼ ਕੁਮਾਰ ਉਰਫ਼ ਮੋਨੂੰ ਵਾਸੀ ਕਪੂਰਥਲਾ ਦੀ ਕਾਰ (ਕੀਮਤ 3,50,000) ਨੂੰ 15 ਮਾਰਚ 2020 ਨੂੰ ਥਾਣਾ ਸ਼ਾਹਕੋਟ ਵਿੱਚ ਦਰਜ ਕੇਸ ਦੇ ਸਬੰਧ ਵਿੱਚ ਜ਼ਬਤ ਕੀਤਾ ਗਿਆ। ਹੁਸ਼ਿਆਰਪੁਰ ਦੇ ਵਸਨੀਕ ਲਖਵੀਰ ਚੰਦ ਖ਼ਿਲਾਫ਼ 26 ਮਈ 2020 ਨੂੰ ਪੀਐੱਸ ਭੋਗਪੁਰ ਵਿੱਚ ਦਰਜ ਕੇਸ ਦੇ ਸਬੰਧ ਵਿੱਚ ਨੌਂ ਮਰਲੇ ਦੇ ਇੱਕ ਪਲਾਟ, ਕੀਮਤ 52,00,000 ਰੁਪਏ ਨੂੰ ਫਰੀਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿਤਪੁਰ ਦੇ ਰਹਿਣ ਵਾਲੇ ਪ੍ਰੇਮ ਸਿੰਘ ਦਾ 11 ਕਨਾਲ 1 ਮਰਲੇ ਦਾ ਪਲਾਟ ਫਰੀਜ਼ ਕੀਤਾ। ਇਸ ਤੋਂ ਇਲਾਵਾ 8,28,750 ਰੁਪਏ ਦੀ ਜਾਇਦਾਦ, 19 ਜੁਲਾਈ 2013 ਨੂੰ ਥਾਣਾ ਮਹਿਤਪੁਰ ਵਿੱਚ ਦਰਜ ਕੇਸ ਨਾਲ ਜੁੜੀ ਹੋਈ ਸੀ। ਉਨ੍ਹਾਂ ਦੱਸਿਆ ਕਿ ਮਕਸੂਦਾਂ ਦੇ ਵਸਨੀਕ ਸੋਨੂੰ ਕੁਮਾਰ ਦਾ 5 ਮਰਲੇ ਦਾ ਰਿਹਾਇਸ਼ੀ ਮਕਾਨ (ਕੀਮਤ 20,74,000 ਰੁਪਏ) ਵੀ ਜ਼ਬਤ ਕੀਤਾ ਹੈ। ਉਸ ਖ਼ਿਲਾਫ਼ 16 ਸਤੰਬਰ 2005, 15 ਮਾਰਚ 2009, 19 ਸਤੰਬਰ 2008 ਨੂੰ ਦਰਜ ਐੱਫਆਈਆਰਜ਼ ਦੇ ਸਬੰਧ ਵਿੱਚ ਪੀਐੱਸ ਆਦਮਪੁਰ ਅਤੇ ਪੀਐੱਸ ਨੂਰਮਹਿਲ ਵਿੱਚ ਦਰਜ ਕੇਸਾਂ ਤਹਿਤ ਕਾਰਵਾਈ ਕੀਤੀ ਗਈ ਹੈ। ਐੱਸਐੱਸਪੀ ਖੱਖ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ।