ਨਸ਼ਾ ਤਸਕਰਾਂ ਦੀ 4.8 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 31 ਮਾਰਚ
ਪੁਲੀਸ ਨੇ ਸਥਾਨਕ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕਰੀਬ 4 ਕਰੋੜ 8 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਦੱਸਿਆ ਕਿ ਐੱਸਪੀ (ਜਾਂਚ) ਵੈਭਵ ਸਹਿਗਲ, ਡੀਐੱਸਪੀ ਮਾਲੇਰਕੋਟਲਾ ਗੁਰਦੇਵ ਸਿੰਘ ਅਤੇ ਥਾਣਾ ਸਿਟੀ-1 ਮਾਲੇਰਕੋਟਲਾ ਦੀ ਟੀਮ (ਐਫ.ਆਈ.ਆਰ ਨੰਬਰ 58/23 ਪੀ.ਐਸ.ਸਿਟੀ-1 ਮਾਲੇਰਕੋਟਲਾ) ਨੇ ਅਕਾਸ਼ਦੀਪ ਸਿੰਗਲਾ ਅਤੇ ਯੋਗੇਸ਼ ਬਾਂਸਲ ਨਾਂ ਦੇ 2 ਮੁਲਜ਼ਮਾਂ ਵੱਲੋਂ ਕਥਿਤ ਨਸ਼ੀਲੇ ਪਦਾਰਥਾਂ ਦੇ ਗ਼ੈਰਕਾਨੂੰਨੀ ਕਾਰੋਬਾਰ ਰਾਹੀਂ ਇਕੱਠੀ ਕੀਤੀ ਗਈ ਨਾਜਾਇਜ਼ ਜਾਇਦਾਦ ਦੀ ਪੜਤਾਲ ਕੀਤੀ ਗਈ। ਜਾਂਚ ਤੋਂ ਬਾਅਦ 4 ਕਰੋੜ 8 ਲੱਖ 37 ਹਜ਼ਾਰ ਰੁਪਏ ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ਼ ਕਰਨ ਲਈ ਕੇਸ ਤਿਆਰ ਕਰ ਕੇ ਸਮਰੱਥ ਅਥਾਰਟੀ ਨਵੀਂ ਦਿੱਲੀ ਨੂੰ ਭੇਜਿਆ ਗਿਆ। ਇਸ ਕੇਸ ਨੂੰ ਸਮਰੱਥ ਅਥਾਰਟੀ ਨਵੀਂ ਦਿੱਲੀ ਨੇ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਫਰੀਜ਼ ਕੀਤੀਆਂ ਜਾਇਦਾਦਾਂ ਦੀ ਸੂਚੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੌਸ਼ ਖੇਤਰਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੇ ਨਾਲ-ਨਾਲ ਚਾਰ ਪਹੀਆ ਵਾਹਨਾਂ ਵਰਗੀ ਚੱਲ ਜਾਇਦਾਦ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਹੋਰ ਐਫਆਈਆਰ ਵਿੱਚ 3 ਹੋਰ ਮੁਲਜ਼ਮਾਂ ਦੀ 2 ਕਰੋੜ 83 ਲੱਖ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕਰਨ ਲਈ ਸਮਰੱਥ ਅਥਾਰਟੀ ਨਵੀਂ ਦਿੱਲੀ ਨੂੰ ਇੱਕ ਹੋਰ ਕੇਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਵੱਖ-ਵੱਖ ਵਪਾਰਕ ਮਾਤਰਾ ਦੇ ਕੇਸਾਂ ਵਿੱਚ 68-ਐਫ ਐਨਡੀਪੀਐਸ ਐਕਟ ਅਧੀਨ 11 ਹੋਰ ਕੇਸ ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਹੋਰ ਕੇਸਾਂ ਦੀਆਂ ਕਾਰਵਾਈ ਮੁਕੰਮਲ ਹੋਣ ਉਪਰੰਤ ਪ੍ਰਵਾਨਗੀ ਲਈ ਸਮਰੱਥ ਅਧਿਕਾਰੀ ਨੂੰ ਭੇਜੇ ਜਾਣਗੇ।