ਪੁਲੀਸ ਵੱਲੋਂ ਦੋ ਤਸਕਰਾਂ ਦੀ 81.79 ਲੱਖ ਦੀ ਜਾਇਦਾਦ ਜ਼ਬਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਨਵੰਬਰ
ਪੰਜਾਬ ਪੁਲੀਸ ਵੱਲੋਂ ਸੂਬੇ ’ਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਤਹਿਤ ਫ਼ਤਿਹਗੜ੍ਹ ਪੰਜਤੂਰ ਪੁਲੀਸ ਨੇ ਪਿੰਡ ਮਦਾਰਪੁਰ ਵਿੱਚ ਦੋ ਤਸਕਰਾਂ ਦੀ 81.79 ਲੱਖ ਦੀ ਜਾਇਦਾਦ ਜ਼ਬਤ ਕਰਦਿਆਂ ਉਨ੍ਹਾਂ ਦੇ ਘਰਾਂ ਅੱਗੇ ਨੋਟਿਸ ਚਿਪਕਾਏ। ਹਫਤਾ ਪਹਿਲਾਂ ਇਸੇ ਪਿੰਡ ’ਚ ਦੋ ਤਸਕਰ ਭਰਾਵਾਂ ਦੀ ਟਰੈਕਟਰ ਸਣੇ 73.55 ਲੱਖ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਸੀ।
ਐੱਸਐੱਸਪੀ ਅਜੈ ਗਾਂਧੀ ਨੇ ਦੱਸਿਆ ਕਿ ਡੀਐੱਸਪੀ (ਨਾਰਕੋਟਿਕਸ ਸੈੱਲ) ਮੋਗਾ ਸਰਬਜੀਤ ਸਿੰਘ ਅਤੇ ਥਾਣਾ ਫ਼ਤਿਹਗੜ੍ਹ ਪੰਜਤੂਰ ਮੁਖੀ ਸੁਨੀਤਾ ਰਾਣੀ ਬਾਵਾ ਨੇ ਪਿੰਡ ਮਦਾਰਪੁਰ ਵਿੱਚ ਤਸਕਰਾਂ ਹਰਜਿੰਦਰ ਸਿੰਘ ਅਤੇ ਬੋਹੜ ਸਿੰਘ ਦੀ 81.79 ਲੱਖ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟਿਸ ਚਿਪਕਾ ਦਿੱਤੇ ਗਏ ਹਨ ਅਤੇ ਇਸ ਤੋਂ ਬਾਅਦ ਸਮਰੱਥ ਅਥਾਰਟੀ ਦੀ ਮਨਜ਼ੂਰੀ ਬਿਨਾਂ ਇਸ ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਗੈਰਕਾਨੂੰਨੀ ਸੰਪਤੀ ਨੂੰ ਫ਼ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਕੇਸ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਦੀ ਡੀਜੀਪੀ ਗੌਰਵ ਯਾਦਵ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਲੋਕਾਂ ਨੂੰ ਪੁਲੀਸ ਨਾਲ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।