Properties of dismissed Punjab Police constable frozen: ਵਿਜੀਲੈਂਸ ਵੱਲੋਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਜਾਇਦਾਦ ਜ਼ਬਤ
ਚੰਡੀਗੜ੍ਹ, 27 ਮਈ
ਪੰਜਾਬ ਪੁਲੀਸ ਦੀ ਬਰਖ਼ਾਸਤ ਕਾਂਸਟੇਬਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੁਲੀਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਪੰਜਾਬ ਪੁਲੀਸ ਦੀ ਕਾਂਸਟੇਬਲ ਅਮਨਦੀਪ ਕੌਰ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਦਿੱਤਾ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਦਾ ਇੱਕ ਮਕਾਨ, ਇੱਕ ਰਿਹਾਇਸ਼ੀ ਪਲਾਟ, ਇੱਕ ਕਾਰ, ਇੱਕ ਮੋਟਰਸਾਈਕਲ, ਤਿੰਨ ਮੋਬਾਈਲ ਫ਼ੋਨ ਅਤੇ ਹੋਰ ਵਸਤਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਕੀਮਤ 1.35 ਕਰੋੜ ਰੁਪਏ ਬਣਦੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਉਸ ਦੀ ਕੋਠੀ ਤੇ ਜਾਇਦਾਦ ਨੂੰ ਜਾਮ ਕਰਨ ਦੇ ਨੋਟਿਸ ਚਿਪਕਾ ਦਿੱਤੇ। ਪੁਲੀਸ ਟੀਮ ਵੱਲੋਂ ਕੋਠੀ ਦੀ ਪੈਮਾਇਸ਼ ਕਰਨ ਸਣੇ ਉਸ ਦੇ ਅੰਦਰਲੇ ਸਾਜ਼ੋ-ਸਾਮਾਨ ਦਾ ਮੁਲਾਂਕਣ ਕੀਤਾ ਗਿਆ। ਬੀਤੇ ਦਿਨ ਸਰੋਤਾਂ ਤੋਂ ਵੱਧ ਆਮਦਨ ਦੇ ਦੋਸ਼ਾਂ ਹੇਠ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਪਿੰਡ ਬਾਦਲ ਤੋਂ ਗ੍ਰਿਫ਼ਤਾਰ ਕੀਤੀ ਅਮਨਦੀਪ ਕੌਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਪੰਜ-ਰੋਜ਼ਾ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਹੁਣ ਉਸ ਨੂੰ 29 ਮਈ ਨੂੰ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਅਨੁਸਾਰ ਅਮਨਦੀਪ ਕੌਰ ਦੀ ਕੁੱਲ ਆਮਦਨ 1,08,37,550 ਰੁਪਏ ਦੇ ਮੁਕਾਬਲੇ ਉਸਦਾ ਖਰਚ 1,39,64,802.97 ਰੁਪਏ ਪਾਇਆ ਗਿਆ, ਜੋ ਕਿ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਅਤੇ ਉਸ ਦੀ ਜਾਇਜ਼ ਕਮਾਈ ਤੋਂ 28.85 ਫੀਸਦੀ ਵੱਧ ਹੈ। ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ