For the best experience, open
https://m.punjabitribuneonline.com
on your mobile browser.
Advertisement

ਪਸ਼ੂਆਂ ਲਈ ਤੂੜੀ ਦੀ ਸੁਚੱਜੀ ਵਰਤੋਂ

07:50 AM Jun 29, 2024 IST
ਪਸ਼ੂਆਂ ਲਈ ਤੂੜੀ ਦੀ ਸੁਚੱਜੀ ਵਰਤੋਂ
Advertisement

ਕੰਵਰਪਾਲ ਸਿੰਘ ਢਿੱਲੋਂ/ਬਿਕਰਮਜੀਤ ਸਿੰਘ/ਰਮਿੰਦਰ ਕੌਰ ਹੁੰਦਲ*

Advertisement

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੇ ਮੁੱਖ ਤੌਰ ’ਤੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਘੱਟੋ-ਘੱਟ 35.2 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਅਤੇ 30.7 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਖੇਤੀ ਦਾ ਮਸ਼ੀਨੀਕਰਨ ਹੋਣ ਕਾਰਨ ਵਧੇਰੇ ਕਰ ਕੇ ਇਨ੍ਹਾਂ ਫ਼ਸਲਾਂ ਦੀ ਕਟਾਈ ਕੰਬਾਈਨ ਨਾਲ ਹੀ ਹੁੰਦੀ ਹੈ। ਇਸ ਕਾਰਨ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਢੇਰ ਲੱਗ ਜਾਂਦੇ ਹਨ। ਕਿਸਾਨ ਇਨ੍ਹਾਂ ਦਾ ਨਿਬੇੜਾ ਕਰਨ ਲਈ ਅੱਗ ਦਾ ਸਹਾਰਾ ਲੈਂਦਾ ਹੈ ਤੇ ਪਰ ਕਣਕ ਦੇ ਨਾੜ, ਪਰਾਲੀ ਜਾਂ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਕਾਰਨ ਅਨੇਕ ਮਾੜੇ ਪ੍ਰਭਾਵ ਪੈਂਦੇ ਹਨ ਜਿਵੇਂ:
* ਨਾੜ, ਪਰਾਲੀ ਜਾਂ ਘਾਹ ਫੂਸ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ।
* ਅੱਗ ਲਾਉਣ ਕਾਰਨ ਵਾਤਾਵਰਨ ਵਿੱਚ ਫੈਲਦਾ ਜ਼ਹਿਰੀਲਾ ਧੂੰਆਂ ਅੱਖਾਂ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।
* ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਕਿੰਨੇ ਹੀ ਕਿਸਮ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਜਿਸ ਦੇ ਫਲਸਰੂਪ ਫ਼ਸਲਾਂ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ ਅਤੇ ਸਾਨੂੰ ਜ਼ਹਿਰਾਂ ਦਾ ਛਿੜਕਾਅ ਵਧੇਰੇ ਕਰਨਾ ਪੈਂਦਾ ਹੈ ਜਿਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ।
ਜੇ ਕਣਕ ਦੇ ਨਾੜ ਨੂੰ ਸਾੜਨ ਦੀ ਬਜਾਇ ਇਸ ਦੀ ਤੂੜੀ ਬਣਾ ਲਈ ਜਾਵੇ ਤਾਂ ਇਸ ਦਾ ਪਸ਼ੂ ਖ਼ੁਰਾਕ ਵਿੱਚ ਉਪਯੋਗ ਹੋ ਸਕਦਾ ਹੈ ਪਰ ਤੂੜੀ ਵਿੱਚ ਪ੍ਰੋਟੀਨ ਅਤੇ ਕੁੱਲ ਪਚਣਯੋਗ ਖ਼ੁਰਾਕੀ ਤੱਤ ਘੱਟ ਹੁੰਦੇ ਹਨ, ਇਸ ਨੂੰ ਇੱਕਲਿਆਂ ਖੁਆਉਣ ਨਾਲ ਪਸ਼ੂ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ, ਇਹ ਸਿਰਫ਼ ਪਸ਼ੂ ਦਾ ਢਿੱਡ ਹੀ ਭਰਦੀ ਹੈ ਕਈ ਵਾਰ ਜ਼ਿਆਦਾ ਮਾਤਰਾ ਵਿੱਚ ਖੁਆਉਣ ਨਾਲ ਬੰਨ੍ਹ ਵੀ ਪੈ ਜਾਂਦਾ ਹੈ ਪਰ ਵਿਗਿਅਨਕ ਢੰਗਾਂ ਨਾਲ ਤੂੜੀ ਨੂੰ ਸੋਧ ਕੇ ਇਸ ਦੀ ਗੁਣਵੱਤਾ ਵਧਾਈ ਜਾ ਸਕਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ:
1. ਯੂਰੀਆ ਨਾਲ ਤੂੜੀ ਨੂੰ ਸੋਧਣਾ।
2. ਯੂਰੋਮੋਲ (ਯੂਰੀਆ+ਸ਼ੀਰਾ) ਨਾਲ ਤੂੜੀ ਨੂੰ ਸੋਧਣਾ।
ਤੂੜੀ ਨੂੰ ਜਦੋਂ ਯੂਰੀਆ ਨਾਲ ਸੋਧਿਆ ਜਾਂਦਾ ਹੈ ਤਾਂ ਪਾਣੀ ਅਤੇ ਗਰਮੀ ਦੀ ਹੋਂਦ ਵਿੱਚ ਤੂੜੀ ਵਿੱਚ ਮੌਜੂਦ ਕੁਝ ਜੀਵਾਣੂ ਯੂਰੀਆ ਨੂੰ ਤੋੜ ਦਿੰਦੇ ਹਨ ਜਿਸ ਕਰ ਕੇ ਅਮੋਨੀਆ ਗੈਸ ਬਣਦੀ ਹੈ। ਇਹ ਗੈਸ ਤੂੜੀ ਦੇ ਸੈੱਲਾਂ ਦੀ ਦੀਵਾਰ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਰ ਕੇ ਤੂੜੀ ਜ਼ਿਆਦਾ ਪਚਣਯੋਗ ਬਣ ਜਾਂਦੀ ਹੈ ਤੇ ਖ਼ਰਚਾ ਵੀ ਬਹੁਤ ਘੱਟ (50 ਪੈਸੇ/ਕਿਲੋ) ਹੁੰਦਾ ਹੈ। ਸੋਧਣ ਤੋਂ ਬਾਅਦ ਤੂੜੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਦਾ ਵਾਧਾ ਹੁੰਦਾ ਹੈ ਜਿਸ ਨੂੰ ਸੂਖਮ-ਜੀਵ ਵਰਤ ਕੇ ਆਪਣੀ ਪ੍ਰੋਟੀਨ ਬਣਾਉਂਦੇ ਹਨ, ਇਸ ਨੂੰ ਜੀਵ ਪ੍ਰੋਟੀਨ ਕਿਹਾ ਜਾਂਦਾ ਹੈ ਇਹ ਜੀਵ ਪ੍ਰੋਟੀਨ ਪਸ਼ੂਆਂ ਦੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ।

Advertisement

ਯੂਰੀਆ ਨਾਲ ਤੂੜੀ ਨੂੰ ਸੋਧਣ ਦਾ ਤਰੀਕਾ:

* ਸਭ ਤੋਂ ਪਹਿਲਾਂ 14 ਕਿਲੋ ਯੂਰੀਆ ਨੂੰ 200 ਲਿਟਰ ਪਾਣੀ ਵਿੱਚ ਘੋਲ ਲਵੋ।
* ਫਿਰ 400 ਕਿਲੋ ਤੂੜੀ ਨੂੰ ਤਰਪਾਲ ’ਤੇ ਵਿਛਾਅ ਲਵੋ ਅਤੇ ਤਿਆਰ ਯੂਰੀਆ ਦੇ ਘੋਲ ਨੂੰ ਤੂੜੀ ਉੱਤੇ ਛਿੜਕੋ। ਛਿੜਕਾਅ ਸਾਰੀ ਤੂੜੀ ਉੱਤੇ ਇੱਕਸਾਰ ਹੋਣਾ ਚਾਹੀਦਾ ਹੈ ਤਾਂ ਕੇ ਸਾਰੀ ਤੂੜੀ ਯੂਰੀਆ ਦੇ ਘੋਲ ਦੇ ਸੰਪਰਕ ਵਿੱਚ ਆ ਜਾਵੇ।
* ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈੱਡ ਦੇ ਖੂੰਜੇ ਵਿੱਚ ਨੌਂ ਦਿਨਾਂ ਲਈ ਤਰਪਾਲ ਨਾਲ ਢਕ ਦਿਉ ਜਾਂ ਕਿਸਾਨ ਇਸ ਦਾ ਕੁੱਪ ਵੀ ਬੰਨ੍ਹ ਸਕਦੇ ਹਨ।
* ਇਸ ਦੌਰਾਨ ਢਕੀ ਹੋਈ ਤੂੜੀ ਦਾ ਅੰਦਰਲਾ ਤਾਪਮਾਨ 50-55 ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਇਸ ਤਾਪਮਾਨ ਨਾਲ ਰੇਸ਼ੇ ਅਤੇ ਲਿਗਨਿਨ ਵਿਚਲੇ ਬੰਧਣ ਟੁੱਟਣ ਨਾਲ ਰੇਸ਼ੇ ਦੀ ਪਚਣਯੋਗਤਾ ਵਧ ਜਾਂਦੀ ਹੈ।
* ਪੂਰੇ ਨੌਂ ਦਿਨਾਂ ਬਾਅਦ ਸੋਧੀ ਹੋਈ ਤੂੜੀ ਪਸ਼ੂ ਖ਼ੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ।
* ਇਸ ਢੰਗ ਨਾਲ ਪਰਾਲੀ, ਮੱਕੀ, ਬਾਜਰਾ, ਚਰੀ ਦੇ ਟਾਂਡੇ, ਸੁੱਕੇ ਚਾਰੇ ਜਾਂ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਵੀ ਸੋਧੀ ਜਾ ਸਕਦੀ ਹੈ।

ਯੂਰੋਮੋਲ (ਯੂਰੀਆ+ਸ਼ੀਰਾ) ਨਾਲ ਤੂੜੀ ਨੂੰ ਸੋਧਣ ਦਾ ਤਰੀਕਾ:

* ਸਭ ਤੋਂ ਪਹਿਲਾਂ ਇੱਕ ਕਿਲੋ ਯੂਰੀਆ ਨੂੰ ਤਿੰਨ ਕਿਲੋ ਸ਼ੀਰੇ ਵਿੱਚ ਮਿਲਾਓ ਅਤੇ ਘੋਲ ਨੂੰ 30 ਮਿੰਟ ਲਈ 100 ਡਿਗਰੀ ਸੈਲਸੀਅਸ ’ਤੇ ਗਰਮ ਕਰੋ।
* ਫਿਰ ਇਸ ਘੋਲ ਵਿੱਚ 30 ਲਿਟਰ ਪਾਣੀ ਪਾ ਕੇ ਇਸ ਨੂੰ ਪਤਲਾ ਕਰ ਲਵੋ।
* 100 ਕਿਲੋ ਤੂੜੀ ਨੂੰ ਤਰਪਾਲ ਉੱਪਰ ਵਿਛਾਅ ਲਵੋ ਅਤੇ ਇਸ ਘੋਲ ਨੂੰ ਤੂੜੀ ਉੱਤੇ ਇਕਸਾਰ ਛਿੜਕੋ ਤਾਂ ਕੇ ਸਾਰੀ ਤੂੜੀ ਯੂਰੋਮੋਲ ਯੁਕਤ ਘੋਲ ਦੇ ਸੰਪਰਕ ਵਿੱਚ ਆ ਜਾਵੇ, ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਰਲਾ ਲਵੋ।
* ਤੂੜੀ ਨੂੰ ਯੂਰੀਏ ਨਾਲ ਸੋਧਣ ਉਪਰੰਤ ਕਿਸਾਨ ਇਸ ਨੂੰ ਧੁੱਪ ਵਿੱਚ ਸੁੱਕਾ ਕੇ ਪਸ਼ੂਆਂ ਦੇ ਖਾਣ ਲਈ ਵਰਤ ਸਕਦੇ ਹਨ।

ਤੂੜੀ ਨੂੰ ਸੋਧਣ ਦੇ ਫਾਇਦੇ:

* ਸੋਧੀ ਹੋਈ ਤੂੜੀ ਵਿੱਚ ਅਣਸੋਧੀ ਤੂੜੀ ਦੇ ਮੁਕਾਬਲੇ ਖ਼ੁਰਾਕੀ ਤੱਤ ਵੱਧ ਜਾਂਦੇ ਹਨ (ਸਾਰਨੀ 1)।
* ਸੋਧੀ ਹੋਈ ਤੂੜੀ ਜ਼ਿਆਦਾ ਨਰਮ ਅਤੇ ਸਵਾਦੀ ਹੋ ਜਾਂਦੀ ਹੈ ਜਿਸ ਕਰ ਕੇ ਪਸ਼ੂ ਦੀ ਤੂੜੀ ਖਾਣ ਦੀ ਸਮਰਥਾ ਵਧ ਜਾਂਦੀ ਹੈ (ਸਾਰਨੀ 1)।
* ਖ਼ੁਰਾਕ ’ਤੇ ਖ਼ਰਚਾ ਘਟ ਜਾਂਦਾ ਹੈ ਕਿਉਂਕਿ ਸੋਧੀ ਹੋਈ ਤੂੜੀ ਤੋਂ ਪ੍ਰੋਟੀਨ ਮਿਲਣ ਲੱਗ ਜਾਂਦੀ ਹੈ ਜਿਸ ਸਦਕਾ ਘੱਟ ਵੰਡ ਪਾ ਕੇ ਦੁੱਧ ਦੀ ਮਾਤਰਾ ਵਧਾਈ ਜਾ ਸਕਦੀ ਹੈ।
* ਖੁੱਲ੍ਹੀ ਮਾਤਰਾ ਵਿੱਚ ਯੂਰੀਆ ਨਾਲ ਸੋਧੀ ਤੂੜੀ + 25 ਗ੍ਰਾਮ ਲੂਣ ਅਤੇ + 50 ਗ੍ਰਾਮ ਧਾਤਾਂ ਦਾ ਚੂਰਾ + ਵਿਟਾਮਿਨ ‘ਏ’ ਅਤੇ ਦੋ ਕਿਲੋ ਹਰਾ-ਚਾਰਾ ਪਾਉਣ ਨਾਲ ਫੰਡਰ ਪਸ਼ੂ ਦੀਆਂ ਮੁੱਢਲੀਆਂ ਖ਼ੁਰਾਕੀ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।
* ਚਾਰੇ ਦੀ ਘਾਟ ਸਮੇਂ ਖ਼ੁਰਾਕੀ ਤੱਤਾਂ ਦਾ ਵਧੀਆ ਸ੍ਰੋਤ ਸਾਬਤ ਹੁੰਦੀ ਹੈ ਇਹ ਤਰੀਕਾ ਕਿਸਾਨ ਆਪਣੇ ਫਾਰਮ ’ਤੇ ਆਸਾਨੀ ਨਾਲ ਅਪਣਾ ਸਕਦੇ ਹਨ।

ਧਿਆਨ ਦੇਣ ਯੋਗ ਗੱਲਾਂ:

* ਨੌਂ ਦਿਨਾਂ ਮਗਰੋਂ ਸਾਰਾ ਕੁੱਪ ਨਾ ਖੋਲ੍ਹੋ ਲੋੜ ਅਨੁਸਾਰ ਇੱਕ ਪਾਸਿਓਂ ਸੋਧੀ ਹੋਈ ਤੂੜੀ ਕੱਢੋ।
* ਪਸ਼ੂਆਂ ਨੂੰ ਸੋਧੀ ਹੋਈ ਤੂੜੀ ਪਾਉਣ ਤੋਂ ਪਹਿਲਾਂ ਫਰੋਲ ਦਿਓ ਤਾਂ ਕੇ ਅਮੋਨੀਆ ਗੈਸ ਨਿਕਲ ਜਾਵੇ ਅਤੇ ਪਸ਼ੂਆਂ ਦੀਆਂ ਅੱਖਾਂ ਨੂੰ ਨਾ ਲੱਗੇ।
* ਛੇ ਮਹੀਨੇ ਤੋਂ ਘੱਟ ਉਮਰ ਦੇ ਕਟੜੂਆਂ/ਵਛੜੂਆਂ ਨੂੰ ਯੂਰੀਆ ਨਾਲ ਸੋਧੀ ਹੋਈ ਤੂੜੀ ਨਹੀਂ ਖਿਲਾਉਣੀ ਚਾਹੀਦੀ।
* ਪਸ਼ੂਆਂ ਨੂੰ ਸੋਧੀ ਹੋਈ ਤੂੜੀ, ਆਮ ਤੂੜੀ ਵਿੱਚ ਰਲਾ ਕੇ ਹੌਲੀ-ਹੌਲੀ ਗਿਝਾਉ।
*ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
ਸੰਪਰਕ: 99156-78787

Advertisement
Author Image

joginder kumar

View all posts

Advertisement