ਮਹਿੰਗਾ ਪਵੇਗਾ ਨਹਿਰੀ ਪਾਣੀਆਂ ਦਾ ਪ੍ਰਚਾਰ: ਖਹਿਰਾ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਖੇਤਾਂ ਤੱਕ 100 ਫ਼ੀਸਦੀ ਪਾਣੀ ਪਹੁੰਚਾਉਣ ਲਈ ਕੀਤਾ ਜਾ ਰਿਹਾ ਗ਼ਲਤ ਪ੍ਰਾਪੇਗੰਡਾ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਪਟਵਾਰੀਆਂ ਨੂੰ ਇਸ ਗੱਲ ਦਾ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਖੇਤਾਂ ਨੂੰ 100 ਫ਼ੀਸਦੀ ਨਹਿਰੀ ਪਾਣੀ ਲੱਗਣ ਦਾ ਰਿਕਾਰਡ ਤਿਆਰ ਕਰਨ, ਜਦੋਂਕਿ ਹਕੀਕਤ ਵਿੱਚ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਸਿਰਫ 25 ਤੋਂ 30 ਫ਼ੀਸਦੀ ਹੀ ਲੱਗ ਰਿਹਾ ਹੈ।
ਉਹ ਅੱਜ ਇਥੇ ਸ਼ਹੀਦ ਊਧਮ ਸਿੰਘ ਦੇ ਘਰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਜੇ ਇਹ ਗਲਤ ਰਿਕਾਰਡ ਕਿਧਰੇ ਹਰਿਆਣਾ ਸਰਕਾਰ ਦੇ ਹੱਥੀਂ ਲੱਗ ਗਿਆ ਅਤੇ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਕੋਲ ਤਾਂ ਦਰਿਆਵਾਂ ਦਾ ਪਾਣੀ ਬਹੁਤ ਹੈ ਅਤੇ ਐੱਸਵਾਈਐੱਲ ਨੂੰ ਪੂਰਾ ਕੀਤਾ ਜਾਵੇ ਤਾਂ ਇਹ ਸਾਡੇ ਲਈ ਨੁਕਸਾਨਦੇਹ ਹੋਵੇਗਾ। ਬੇਅਦਬੀ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਬਿਆਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਜੱਗਜ਼ਾਹਿਰ ਕਰ ਦਿੱਤੀ ਹੈ। ਡੇਰੇ ਨੂੰ ਬਚਾਉਣ ਵਿੱਚ ਭਗਵੰਤ ਮਾਨ ਦੀ ਭੂਮਿਕਾ ਵੀ ਸੁਖਬੀਰ ਦੇ ਬਰਾਬਰ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਊਧਮ ਸਿੰਘ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ।