ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦਾ ਤ੍ਰਾਹ ਕੱਢਿਆ
ਪੱਤਰ ਪ੍ਰੇਰਕ
ਪਠਾਨਕੋਟ, 30 ਜੁਲਾਈ
ਨੀਮ ਪਹਾੜੀ ਖੇਤਰ ਦੇ ਬਲਾਕ ਧਾਰਕਲਾਂ ਦੇ ਪਿੰਡਾਂ ’ਚ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਲੋਕਾਂ ’ਚ ਸਰਕਾਰ ਅਤੇ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਅਨੁਸਾਰ ਪਿੰਡ ਕਰੋਲੀ ਦੀ ਬਿਜਲੀ ਸਪਲਾਈ 21 ਘੰਟੇ ਬੰਦ ਰਹੀ।
ਪਿੰਡ ਵਾਸੀ ਪੁਸ਼ਪਿੰਦਰ ਪਠਾਨੀਆ, ਜੋਗਿੰਦਰ ਪਠਾਨੀਆ, ਪਵਨ ਕੁਮਾਰ, ਜਤਿੰਦਰ ਸਿੰਘ, ਮੁਲਖ ਰਾਜ, ਸੁਰਿੰਦਰ ਕੁਮਾਰ, ਸੁਨੀਲ ਕੁਮਾਰ ਅਤੇ ਅਮਿਤ ਮਹਾਜਨ ਨੇ ਦੱਸਿਆ ਕਿ ਅਤਿ ਦੀ ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ ਬਿਜਲੀ ਬੰਦ ਹੋਣ ਨਾਲ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਰਾਤ ਸਮੇਂ ਕਿਸੇ ਇਲਾਕੇ ਵਿੱਚ ਬਿਜਲੀ ਦਾ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਠੀਕ ਕਰਨ ਲਈ ਪੂਰੇ ਡਿਵੀਜ਼ਨ ਅਤੇ ਸਬ-ਡਵੀਜ਼ਨ ਕੋਲ ਕੋਈ ਮੁਲਾਜ਼ਮ ਨਹੀਂ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਬਿਜਲੀ ਐਤਵਾਰ ਰਾਤ ਕਰੀਬ 3 ਵਜੇ ਬੰਦ ਹੋ ਗਈ ਸੀ, ਜੋ ਕਿ 21 ਘੰਟੇ ਬਾਅਦ ਬੀਤੀ ਰਾਤ 12 ਵਜੇ ਬਹਾਲ ਹੋਈ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਕੱਢਿਆ ਗਿਆ ਤਾਂ ਫਿਰ ਲੋਕ ਲਗਾਤਾਰ ਸੰਘਰਸ਼ ਸ਼ੁਰੂ ਕਰ ਦੇਣਗੇ।