ਵੱਧ ਨਮੀ ਵਾਲਾ ਝੋਨਾ ਮੰਡੀ ਦੇ ਫੜ੍ਹ ’ਤੇ ਸੁਕਾਉਣ ਦੀ ਮਨਾਹੀ
ਪਰਸ਼ੋਤਮ ਬੱਲੀ
ਬਰਨਾਲਾ, 1 ਅਕਤੂਬਰ
ਝੋਨੇ ਦੀ ਫ਼ਸਲ ਖਰੀਦ ਦੇ ਪਹਿਲੇ ਦਿਨ ਹੀ ਖ਼ਰੀਦ ਲਈ ਤੈਅਸ਼ੁਦਾ ਮਾਪਦੰਡ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਮੰਤਵ ਨਾਲ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਵੱਲੋਂ ਸਮੂਹ ਆੜ੍ਹਤੀਏ ਤੇ ਉਨ੍ਹਾਂ ਦੀਆਂ ਜਥੈਬੰਦੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਜੋ ਵਾਇਰਲ ਹੋ ਰਿਹਾ ਹੈ। ਕਮੇਟੀ ਸਕੱਤਰ ਵੱਲੋਂ ਜਾਰੀ ਪੱਤਰ ਰਾਹੀਂ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਫੜ੍ਹ ’ਤੇ 17ਫੀਸਦੀ ਨਮੀਂ ਤੋਂ ਜ਼ਿਆਦਾ ਵਾਲੇ ਝੋਨੇ ਨੂੰ ਉਤਾਰਨ ਦੀ ਬਿਲਕੁੱਲ ਇਜਾਜ਼ਤ ਨਾ ਦੇਣ ਅਤੇ ਨਾ ਹੀ ਵੱਧ ਨਮੀ ਵਾਲੇ ਝੋਨੇ ਦੀ ਫੜ੍ਹ ’ਤੇ ਵਿਛਾ/ਖਿਲਾਰ ਕੇ ਸੁਕਾਈ ਕਰਨ ਦਿੱਤੀ ਜਾਵੇ। ਜੇਕਰ ਕਿਸੇ ਆੜ੍ਹਤੀਏ ਦੇ ਫੜ੍ਹ ’ਤੇ ਅਜਿਹਾ ਹੁੰਦਾ ਪਾਇਆ ਗਿਆ ਤਾਂ ਜ਼ਿੰਮੇਵਾਰ ਆੜ੍ਹਤੀਏ ਖ਼ਿਲਾਫ਼ ਪੰਜਾਬ ਮਾਰਕੀਟ ਕਮੇਟੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਇਸ ਪੱਤਰ ਨੂੰ ਕਿਸਾਨ ਪੱਖੀ ਗਰਦਾਨਿਆਂ ਤੇ ਕਿਹਾ ਕਿ ਮੰਡੀਆਂ ‘ਚ ਰੁਲਣ ਤੋਂ ਬਚਣ ਹਿਤ ਕਿਸਾਨ ਝੋਨਾ ਸੁਕਾ ਕੇ ਹੀ ਲਿਆਉਣ।
ਛੋਟੀ ਕਿਸਾਨੀ ਨਾਲ ਸ਼ਰੇਆਮ ਧੱਕੇਸ਼ਾਹੀ: ਬੀਕੇਯੂ ਉਗਰਾਹਾਂ
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਛੋਟੇ ਕਿਸਾਨ ਲਈ ਇਹ ਹੁਕਮ ਮਾਰੂ ਹਨ ਤੇ ਨਿਰੀ ਧੱਕੇਸ਼ਾਹੀ ਹੈ ਕਿਉਂਕਿ ਉਸ ਕੋਲ ਸਾਧਨ ਨਹੀਂ ਹੁੰਦੇ, ਕਟਾਈ ਦੇ ਸੀਮਤ ਸਮੇਂ ‘ਚ ਫ਼ਸਲ ਕਿਰਾਏ ’ਤੇ ਹਾਰਵੈਸਟਰ ਮਸ਼ੀਨ ਦੀ ਉਪਲਬਧਤਾ ਅਨੁਸਾਰ ਫ਼ਸਲ ਵਢਾਉਣੀ ਪੈਂਦੀ ਹੈ। ਉਨ੍ਹਾਂ ਉਕਤ ਕਿਸਾਨ ਵਿਰੋਧੀ ਹਦਾਇਤਾਂ ਫੌਰੀ ਵਾਪਸ ਲੈਣ ਦੀ ਮੰਗ ਕਰਦਿਆਂ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਪੱਤਰ ਕਿਸਾਨ ਪ੍ਰੇਸ਼ਾਨੀ ਦਾ ਸਬੱਬ ਬਣਿਆ ਤਾਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ।